ਰੂਪਨਗਰ: ਨਹਿਰੂ ਸਟੇਡੀਅਮ ਸਾਹਮਣੇ ਸਰਸ ਗਰਾਊਂਡ ਵਿੱਚ ਚੱਲ ਰਹੇ ਖੇਤਰੀ ਸਰਸ ਮੇਲਾ ਦੇ ਤੀਜਾ ਦਿਨ ਹੈ ਅਤੇ ਲੋਕਾਂ 'ਚ ਭਾਰੀ ਉਤਸ਼ਾਹ ਅਤੇ ਇੱਕ ਵੱਖਰਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਸੱਭਿਆਚਾਰ ਦਾ ਪ੍ਰਸਾਰ ਕਰਦੇ ਲੋਕ ਨਾਚ 'ਤੇ ਵਾਦਨ ਨਾਲ ਪੂਰਾ ਮਾਹੌਲ ਮਿੰਨੀ ਭਾਰਤ ਵਿੱਚ ਤਬਦੀਲ ਹੋ ਗਿਆ ਹੈ, ਜਿਸ ਕਾਰਨ ਮੇਲੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸਰਸ ਮੇਲੇ 'ਚ ਲੱਗੇ ਵੱਖ-ਵੱਖ ਰਾਜਾਂ ਦੇ ਰਵਾਇਤੀ ਫੂਡ ਸਟਾਲ ਜਿੱਥੇ ਹਰੇਕ ਵਰਗ ਦੀ ਪਸੰਦ ਬਣ ਰਹੇ ਹਨ, ਉਥੇ ਝੂਲੇ ਬੱਚਿਆਂ ਨੂੰ ਬਹੁਤ ਪਸੰਦ ਆ ਰਹੇ ਹਨ।
ਸਟਾਲਾਂ ’ਤੇ ਪ੍ਰਦਰਸ਼ਨ, ਕਲਾਕ੍ਰਿਤੀਆਂ, ਦਸਤਕਾਰੀ ਦੇ ਪਿੱਛੇ ਇਨ੍ਹਾਂ ਦੀ ਜੋ ਮਿਹਨਤ ਅਤੇ ਲਗਨ ਨੂੰ ਵੀ ਲੋਕ ਜਾਨਣਾ ਚਾਹੁੰਦੇ ਹਨ। ਵੱਖ-ਵੱਖ ਰਾਜਾਂ ਤੋਂ ਆਏ ਇਹ ਲੋਕ ਕਿਸੇ ਨਾ ਕਿਸੇ ਸਵੈ-ਸਹਾਇਤਾ ਸਮੂਹ (ਸੈਲਫ ਹੈਲਪ ਗਰੁੱਪ) ਨਾਲ ਜੁੜੇ ਹਨ, ਜੋ ਕਿ 10 ਤੋਂ 15 ਲੋਕਾਂ ਦਾ ਸਮੂਹ ਹੈ ਅਤੇ ਇਸ ਨੂੰ ਸੰਚਾਲਨ ਕਰਨ ਵਾਲੇ ਵਿਅਕਤੀ ਜਾਂ ਮਹਿਲਾ ਨੇ ਸਖ਼ਤ ਮਿਹਨਤ ਕਰਦਿਆਂ ਨਾ ਸਿਰਫ਼ ਆਪਣੇ-ਆਪ ਨੂੰ ਮਜ਼ਬੂਤ ਕੀਤਾ ਬਲਕਿ ਕਈ ਪਰਿਵਾਰਾਂ ਨੂੰ ਵੀ ਆਤਮ ਨਿਰਭਰਤਾ ਦਾ ਪਾਠ ਪੜ੍ਹਾਇਆ ਹੈ।