ਰੂਪਨਗਰ: ਸੂਬੇ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ, ਜਿੱਥੇ ਸਰਕਾਰ ਵੱਲੋਂ ਕਰਫ਼ਿਊ ਲਗਾਇਆ ਗਿਆ ਹੈ, ਉੱਥੇ ਹੀ ਸਰਕਾਰ ਵੱਲੋਂ ਹੁਣ ਜਨਤਾ ਨੂੰ ਰਾਹਤ ਦੇਣ ਦੇ ਮਕਸਦ ਨਾਲ ਇਸ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਰੂਪਨਗਰ ਸ਼ਹਿਰ ਵਿੱਚ ਸਵੇਰੇ ਸੱਤ ਵਜੇ ਤੋਂ ਲੈ ਕੇ ਦੁਪਹਿਰ ਤਿੰਨ ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਪ੍ਰਸ਼ਾਸਨ ਵੱਲੋਂ ਦੇ ਦਿੱਤੀ ਗਈ ਹੈ। ਇਸ ਸਮੇਂ ਇਲਾਕੇ ਦੀ ਜਨਤਾ ਬਾਜ਼ਾਰ ਵਿੱਚ ਆਪਣੀ ਖ਼ਰੀਦਦਾਰੀ ਕਰਨ ਜਾ ਸਕਦੀ ਹੈ।
ਇਸ ਦੌਰਾਨ ਲੋਕਾਂ ਦੀ ਭਾਰੀ ਭੀੜ ਨੂੰ ਰੋਕਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੀਆਂ ਹਦਾਇਤਾਂ ਜਾਰੀ ਕਰ ਰੂਪਨਗਰ ਸ਼ਹਿਰ ਦੇ ਚਾਰੇ ਪਾਸੇ ਨਾਕੇਬੰਦੀ ਕਰਦਿਆ ਇਸ ਨੂੰ ਸੀਲ ਕਰ ਦਿੱਤਾ ਹੈ। ਇਨ੍ਹਾਂ ਨਾਕਿਆਂ 'ਤੇ ਪੁਲਿਸ ਦੇ ਜਵਾਨ ਤਾਇਨਾਤ ਹਨ ਅਤੇ ਇਸ ਨਾਕੇ 'ਤੇ ਕੇਵਲ ਪੈਦਲ ਵਿਅਕਤੀਆਂ ਨੂੰ ਹੀ ਬਾਜ਼ਾਰ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਰੂਪਨਗਰ ਪੁਲਿਸ ਦੇ ਸਬ ਇੰਸਪੈਕਟਰ ਸਤਿੰਦਰ ਕੌਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਬੇਸ਼ੱਕ ਬਾਜ਼ਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ, ਪਰ ਇਸ ਸਮੇਂ ਦੌਰਾਨ ਲੋਕਾਂ ਵਿੱਚ ਕਾਫੀ ਘਬਰਾਹਟ ਹੈ। ਇਸ ਕਰਕੇ ਉਹ ਬਾਜ਼ਾਰ ਦੇ ਵਿਚ ਵੱਧ ਤੋਂ ਵੱਧ ਸਾਮਾਨ ਦੀ ਖਰੀਦਦਾਰੀ ਕਰਨ ਆ ਰਹੇ ਹਨ ਜਿਸ ਨਾਲ ਭੀੜ ਵੱਧ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਭੀੜ ਨੂੰ ਰੋਕਣ ਦੇ ਮਕਸਦ ਨਾਲ ਪ੍ਰਸ਼ਾਸਨ ਦੇ ਆਦੇਸ਼ਾਂ ਤੋਂ ਬਾਅਦ ਉਨ੍ਹਾਂ ਨੇ ਰੂਪਨਗਰ ਸ਼ਹਿਰ ਦੇ ਸਾਰੇ ਪਾਸੇ ਨਾਕੇਬੰਦੀ ਕਰਕੇ ਇਸ ਨੂੰ ਸੀਲ ਕਰ ਦਿੱਤਾ ਹੈ। ਇਨ੍ਹਾਂ ਨਾਕਿਆਂ ਤੋਂ ਕੇਵਲ ਪੈਦਲ ਹੀ ਵਿਅਕਤੀ ਗੁਜ਼ਰ ਸਕਦੇ ਹਨ। ਸਕੂਟਰ, ਮੋਟਰਸਾਈਕਲ ਅਤੇ ਕਾਰ ਲੰਘਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ। ਜੇਕਰ, ਕੋਈ ਕਾਨੂੰਨ ਦੀ ਉਲੰਘਣਾ ਕਰੇਗਾ, ਤਾਂ ਉਸ ਦਾ ਚਲਾਨ ਵੀ ਕੀਤਾ ਜਾਵੇਗਾ ਅਤੇ ਕਰਫਿਊ ਦੇ ਅਧੀਨ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤੀ ਗਈ ਦੀਪਮਾਲਾ