ਰੂਪਨਗਰ: ਜੇਕਰ ਤੁਸੀਂ ਬੁਲਟ ਰੱਖਣ ਅਤੇ ਬੁਲਟ ਦੇ ਪਟਾਕੇ ਪਵਾਉਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਖਾਸ ਤੁਹਾਡੇ ਲਈ ਹੈ। ਕਿਉਂਕਿ ਰੂਪਨਗਰ ਪੁਲਿਸ ਵੱਲੋਂ ਬੁਲਟ ਦੇ ਪਟਾਕੇ ਪਵਾਉਣ ਵਾਲਿਆਂ ਖਿਲਾਫ਼ ਨਕੇਲ ਕੱਸੀ ਜਾ ਰਹੀ ਹੈ। ਇਸੇ ਦੇ ਚੱਲਦੇ ਚਲਾਨ ਵੀ ਕੱਟੇ ਜਾ ਰਹੇ ਹਨ। ਇਸ ਤੋਂ ਇਲਾਵਾ 15 ਬੁਲਟ ਮੋਟਰਸਾਇਕਲ ਬੰਦ ਵੀ ਕੀਤੇ ਹਨ। ਇਹ ਕਾਰਵਾਈ ਆਮ ਲੋਕਾਂ ਦੀਆਂ ਸ਼ਿਕਾਇਤਾਂ ਉੱਤੇ ਕੀਤੀ ਗਈ ਹੈ। ਇਸ ਮੌਕੇ ਰੂਪਨਗਰ ਸਿਟੀ ਥਾਣੇ ਦੇ ਇੰਚਾਰਜ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਆਮ ਲੋਕਾਂ ਵੱਲੋਂ ਲਗਾਤਾਰ ਇਹ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਸ਼ਾਮ ਵੇਲੇ ਅਤੇ ਦਿਨ ਵੇਲੇ ਕੁਝ ਨੌਜਵਾਨ ਹਰ ਰੋਜ਼ ਹੁਲੜਬਾਜ਼ੀ ਕਰਦੇ ਹਨ ਅਤੇ ਬੁਲਟ ਦੇ ਪਟਾਕੇ ਮਾਰਦੇ ਹਨ। ਜਿਸ ਨਾਲ ਸਥਾਨਕ ਨਿਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਾਨੂੰਨੀ ਕਾਰਵਾਈ:ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਿਸਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਜੇਕਰ ਉਹ ਬੁਲਟ ਚਲਾਉਂਦਾ ਫੜਿਆ ਗਿਆ ਤਾਂ ਉਸਦੇ ਮਾਪਿਆਂ ਉੱਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਰੂਪਨਗਰ ਸ਼ਹਿਰ ਵਿੱਚ ਲਗਾਤਾਰ ਬੁਲਟ ਚਲਾਉਣ ਵਾਲੇ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕਰਨ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਇਸੇ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਵੱਖ-ਵੱਖ ਨਾਕੇ ਲਾਏ ਜਾਂਦੇ ਹਨ ਅਤੇ ਜਦੋਂ ਨਾਕੇ ਚੱਕ ਲਏ ਜਾਂਦੇ ਹਨ ਤਾਂ ਅਚਾਨਕ ਤੋਂ ਫਿਰ ਤੋਂ ਬੁਲਟ ਮੋਟਰਸਾਇਕਲ ਚਲਾਉਣ ਵਾਲੇ ਹੁੱਲੜਬਾਜ਼ੀ ਕਰਦੇ ਹੋਏ ਸ਼ਹਿਰ ਵਿੱਚ ਦਿਖਾਈ ਦਿੰਦੇ ਹਨ।