ਰੂਪਨਗਰ: ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਹੈ ਕਿ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਕੋਵਿਡ ਰਾਹਤ ਕੇਅਰ ਸੈਂਟਰਾਂ ਵਿੱਚ ਸਹੂਲਤਾਂ ਪੱਖੋਂ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸ਼ਰਧਾਲੂਆਂ ਦੇ ਕੋਵਿਡ-19 ਟੈਸਟ ਕੀਤੇ ਜਾ ਰਹੇ ਹਨ ਅਤੇ ਰਿਪੋਰਟ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਆਈ.ਆਈ.ਟੀ. ਰੋਪੜ ਅਤੇ ਸਤਿਸੰਗ ਘਰ ਭਰਤਗੜ੍ਹ ਵਿਖੇ ਕੋਵਿਡ-19 ਰਾਹਤ ਕੇਅਰ ਸੈਂਟਰਾਂ ਵਿੱਚ ਠਹਿਰੇ ਸ਼ਰਧਾਲੂਆਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਗਿਰੀ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਗੁਜਰਾਲ ਵੱਲੋਂ ਵੀ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਵਿਖੇ ਕੋਵਿਡ ਰਾਹਤ ਕੇਅਰ ਸੈਂਟਰਾਂ ਵਿੱਚ ਠਹਿਰੇ ਸ਼ਰਧਾਲੂਆਂ ਸਬੰਧੀ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਲਈ ਖਾਣੇ ਤੋਂ ਇਲਾਵਾ ਦੁੱਧ, ਦਹੀ, ਲੱਸੀ ਅਤੇ ਫਰੂਟ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕੋਵਿਡ ਰਾਹਤ ਕੇਅਰ ਸੈਂਟਰ ਵਿੱਚ ਮੌਜੂਦ ਸ਼ਰਧਾਲੂਆਂ ਤੋਂ ਜਾਣਕਾਰੀ ਹਾਸਿਲ ਕਰਦੇ ਹੋਏ ਮਾਸਕ ਅਤੇ ਜਿਹੜੀਆਂ ਵੀ ਸੁਵਿਧਾਵਾਂ ਦੀ ਕਮੀ ਹੈ, ਉਨ੍ਹਾਂ ਨੂੰ 2 ਘੰਟੇ ਦੇ ਅੰਦਰ-ਅੰਦਰ ਅਧਿਕਾਰੀਆਂ ਨੂੰ ਮੁਹੱਈਆ ਕਰਵਾਉਣ ਸਬੰਧੀ ਨਿਰਦੇਸ਼ ਵੀ ਦਿੱਤੇ।