ਰੂਪਨਗਰ:ਰੂਪਨਗਰ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਇਸ ਵੇਲੇ ਕੋਲੇ ਦੀ ਘਾਟ ਨਾਲ ਜੂਝ ਰਿਹਾ ਹੈ। ਹਾਲਾਤ ਇਹ ਬਣ ਰਹੇ ਹਨ ਕਿ ਪਲਾਂਟ ਕੋਲ ਸਿਰਫ 1 ਦਿਨ ਲਈ ਹੀ ਕੋਲਾ ਬਚਿਆ ਹੈ, ਜਿਸ ਨਾਲ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਜੇਕਰ ਇਹ ਮੰਗ ਪੂਰੀ ਨਹੀਂ ਹੁੰਦੀ ਤਾਂ ਬਿਜਲੀ ਪੈਦਾ ਕਰਨ ਵਾਲੀਆਂ ਟਰਬਾਇਨਾਂ ਦੇ ਰੁਕਣ ਦਾ ਵੀ ਖਦਸ਼ਾ ਹੈ। ਇਸ ਨਾਲ ਪਲਾਂਟ ਅਧਿਕਾਰੀਆਂ ਦੇ ਨਾਲ ਨਾਲ ਪਲਾਂਟ ਦੇ ਯੂਨੀਅਨ ਆਗੂਆਂ ਦੀਆਂ ਵੀ ਚਿਤਾਂਵਾਂ ਵਧ ਰਹੀਆਂ ਹਨ।
ਕੋਲੇ ਦੀ ਮਾੜੀ ਕਵਾਲਿਟੀ:ਥਰਮਲ ਪਲਾਂਟ ਦੇ ਆਗੂਆਂ ਨੇ ਕਿਹਾ ਕਿ ਥਰਮਲ ਪਲਾਂਟ ਕੋਲੇ ਦੀ ਘਾਟ ਨਾਲ ਤਾਂ ਲੜ ਹੀ ਰਿਹਾ ਹੈ, ਇਸ ਤੋਂ ਇਲਾਵਾ ਕੋਲੇ ਦੀ ਕਵਾਲਿਟੀ ਵੀ ਮਾੜੀ ਆ ਰਹੀ ਹੈ, ਇਸ ਨਾਲ ਵੀ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਧੀ ਤੋਂ ਵੀ ਘੱਟ ਸਮਰੱਥਾ 'ਤੇ ਥਰਮਲ ਪਲਾਂਟ ਕੰਮ ਕਰ ਰਿਹਾ ਹੈ। ਉਪਰੋਂ ਰੂਪਨਗਰ ਦਾ ਇਹ ਵੱਡਾ ਥਰਮਲ ਪਲਾਂਟ ਇਨ੍ਹੀਂ ਦਿਨੀਂ ਕੋਲੇ ਦੀ ਘਾਟ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਹਿਣ ਕਰ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਸ ਵਾਰ ਸਰਦੀਆਂ ਵਿੱਚ ਵੀ ਬਿਜਲੀ ਦੀ ਮੰਗ ਵਧੀ ਹੈ। ਸੂਬਾ ਸਰਕਾਰ ਦੇ 300 ਯੂਨਿਟ ਬਿਜਲੀ ਬਿੱਲਾਂ ਦਾ ਵੀ ਅਸਰ ਦੇਖਣ ਨੂੰ ਮਿਲਿਆ ਹੈ। ਯੂਨਿਟਾਂ ਕਾਰਨ ਲੋਕਾਂ ਵਲੋਂ ਧੜੱਲੇ ਨਾਲ ਬਿਜਲੀ ਹੀਟਰ, ਗੀਜਰ ਤੇ ਹੋਰ ਇਲੈਕਟ੍ਰਾਨਿਕ ਦਾ ਸਮਾਨ ਵਰਤਿਆ ਜਾ ਰਿਹਾ ਹੈ।