ਰੋਪੜ: ਭਾਰਤ ਵਿੱਚ ਮਹਿਲਾਵਾਂ ਹਰ ਖੇਤਰ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਅਜਿਹੀ ਹੀ ਇੱਕ ਮਹਿਲਾ ਰੂਪਨਗਰ ਦੇ ਰੇਲਵੇ ਸਟੇਸ਼ਨ 'ਤੇ ਬਤੌਰ ਰੇਲਵੇ ਸਟੇਸ਼ਨ ਮਾਸਟਰ ਤੈਨਾਤ ਹੈ। ਰੂਪਨਗਰ ਦਾ ਰੇਲਵੇ ਸਟੇਸ਼ਨ ਜਦੋਂ ਦਾ ਹੋਂਦ ਵਿੱਚ ਆਇਆ ਹੈ ਉਸ ਵੇਲੇ ਤੋਂ ਇਹ ਪਹਿਲੀ ਵਾਰ ਹੈ ਜਦੋਂ ਕੋਈ ਮਹਿਲਾ ਇਸ ਸਥਾਨ 'ਤੇ ਬਤੌਰ ਰੇਲਵੇ ਸਟੇਸ਼ਨ ਮਾਸਟਰ ਤੈਨਾਤ ਹੋਈ ਹੈ।
ਚੁਣੌਤੀਆਂ ਨੂੰ ਸਵੀਕਾਰ ਦੂਜਿਆਂ ਲਈ 'ਮਿਸਾਲ' ਬਣੀ ਦਿਵਿਆ
ਮਹਿਲਾਵਾਂ ਹਰ ਖੇਤਰ ਦੇ ਵਿੱਚ ਮੋਹਰੀ ਹਨ, ਰੂਪਨਗਰ ਦੇ ਰੇਲਵੇ ਸਟੇਸ਼ਨ 'ਤੇ ਤੈਨਾਤ ਪਹਿਲੀ ਮਹਿਲਾ ਰੇਲਵੇ ਸਟੇਸ਼ਨ ਮਾਸਟਰ ਨੇ ਇਹ ਸਾਬਤ ਕਰ ਦਿੱਤਾ ਹੈ।
ਦਿੱਵਿਆ ਆਰਿਆ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਨਾਲ ਸਬੰਧਤ ਹੈ। ਰੇਲਵੇ ਵਿੱਚ ਭਰਤੀ ਹੋਣ ਤੋਂ ਬਾਅਦ ਇਸ ਦੀ ਪਹਿਲੀ ਪੋਸਟਿੰਗ ਰੂਪਨਗਰ ਦੇ ਰੇਲਵੇ ਸਟੇਸ਼ਨ 'ਤੇ ਬਤੌਰ ਸਟੇਸ਼ਨ ਮਾਸਟਰ ਵਜੋਂ ਹੋਈ ਹੈ।
ਦਿਵਿਆ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਦੋਂ ਉਸ ਨੇ ਸਟੇਸ਼ਨ ਮਾਸਟਰ ਦੀ ਕੁਰਸੀ ਸੰਭਾਲੀ ਸੀ ਤਾਂ ਉਹਨੂੰ ਲੱਗਦਾ ਸੀ ਕਿ ਇਹ ਕੰਮ ਕਾਫ਼ੀ ਚੈਲੇਂਜ ਵਾਲਾ ਤੇ ਔਖਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਥੋੜ੍ਹਾ ਡਰ ਤੇ ਘਬਰਾਹਟ ਵੀ ਸੀ ਪਰ ਹੁਣ ਉਸ ਨੂੰ ਆਪਣੇ ਇਸ ਔਹਦੇ 'ਤੇ ਕੰਮ ਕਰਦੇ ਹੋਏ ਇੱਕ ਸਾਲ ਦਾ ਸਮਾਂ ਹੋ ਗਿਆ ਹੈ ਤੇ ਉਹ ਸਟੇਸ਼ਨ ਮਾਸਟਰ ਦਾ ਸਾਰਾ ਕੰਮ ਬਾਖੂਬੀ ਪੂਰੀ ਲੱਗਣ ਤੇ ਮਿਹਨਤ ਨਾਲ ਕਰ ਰਹੀ ਹੈ।