ਰੋਪੜ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਹਾਈਡਲ ਵਰਕਸ 'ਤੇ ਬਣਾਈ ਜਾ ਰਹੀ ਪਾਰਕ ਦੀ ਰੈਨੋਵੇਸ਼ਨ ਦੇ ਕੰਮ ਦਾ ਨੀਹਂ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਅਤੇ ਐਸ.ਐਸ.ਪੀ. ਸਵਪਨ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਹਾਈਡਲ ਵਰਕਸ 'ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਸੈਰ ਕਰਨ ਆਉਂਦੇ ਹਨ। ਇਸ ਲਈ ਇਸ ਥਾਂ 'ਤੇ ਪਾਰਕ ਦੇ ਨਵੀਨੀਕਰਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਰੀਬ 2 ਮਹੀਨੇ ਦੇ ਅੰਦਰ ਅੰਦਰ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਾਰਕ ਵਿੱਲਖਣ ਹੋਵੇਗੀ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਪਾਰਕ ਵਿੱਚ ਕਾਫੀ ਹਾਊਸ, ਬੈਠਣ ਲਈ ਬੈਂਚ, ਘੁੰਮਣ ਲਈ ਪੱਕੇ ਰੈਂਪ ਅਤੇ ਕਈਂ ਤਰ੍ਹਾਂ ਦੇ ਫੁੱਲ ਅਤੇ ਬੂਟੇ ਲਗਾਏ ਜਾਣਗੇ, ਜੋ ਇਥੇ ਘੁੱਮਣ ਵਾਲਿਆਂ ਨੂੰ ਆਕਰਸ਼ਿਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਰਾਤ ਦੇ ਸਮੇਂ ਵੀ ਇਸ ਪਾਰਕ ਨੂੰ ਖਿੱਚ ਦਾ ਕੇਂਦਰ ਬਣਾਉਣ ਦੇ ਲਈ ਦਰਖਤਾਂ 'ਤੇ ਵਿਸ਼ੇਸ ਤਰ੍ਹਾਂ ਦੀ ਲਾਈਟਨਿੰਗ ਕੀਤੀ ਜਾਵੇਗੀ ਜੋ ਕਿ ਆਪਣੇ ਆਪ ਵਿੱਚ ਵਿਲੱਖਣ ਨਜ਼ਾਰਾ ਪੇਸ਼ ਕਰੇਗੀ।
ਇਸ ਤੋਂ ਇਲਾਵਾ ਇਸ ਪਾਰਕ ਨੂੰ ਰੂਪਨਗਰ ਟੂਰਿਜ਼ਮ ਅਤੇ ਕਲਚਰਲ ਸੁਸਾਇਟੀ ਵੱਲੋਂ ਦੇਖਰੇਖ ਕੀਤੀ ਜਾਵੇਗੀ, ਜੋ ਇਸ ਪਾਰਕ ਦੀ ਸਾਫ਼ ਸਫ਼ਾਈ ਤੋਂ ਲੈ ਕੇ ਹਰ ਤਰ੍ਹਾਂ ਨਾਲ ਪਾਰਕ ਦੀ ਮੈਨਟੀਨੈਂਸ ਕਰੇਗੀ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਹਾਈਡਲ ਵਰਕਸ ਦੀ ਆਬੋ ਹਵਾ ਪੁਰਾਤਨ ਸਮੇਂ ਤੋਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਆ ਰਹੀ ਹੈ। ਜਿੱਥੇ ਲੋਕ ਦੂਰੋਂ ਦੂਰੋਂ ਦਰਿਆ ਦੇ ਕੰਢੇ ਸ਼ੁੱਧ ਵਾਤਾਵਰਨ ਦਾ ਅਨੰਦ ਮਾਣਦੇ ਹਨ, ਉੱਥੇ ਹੀ, ਸਰੀਰਕ ਤੌਰ 'ਤੇ ਵੀ ਇਸ ਤਰ੍ਹਾਂ ਦਾ ਵਾਤਾਵਰਨ ਸਾਨੂੰ ਤੰਦਰੁਸਤ ਬਣਾਉਣ ਦੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੀ ਇਸ ਪਾਰਕ ਦੇ ਲਈ ਵਿਸ਼ੇਸ਼ ਤੌਰ 'ਤੇ ਬਹੁਤ ਜਲਦ ਫੰਡ ਮੁਹੱਈਆ ਕਰਵਾਏ ਜਾਣਗੇ।