ਰੂਪਨਗਰ: ਇੱਕ ਪਾਸੇ ਕੋਰੋਨਾ ਦੀ ਮਹਾਂਮਾਰੀ ਤੇ ਦੂਜੇ ਪਾਸੇ ਅੱਤ ਦੀ ਗਰਮੀ ਪੈ ਰਹੀ ਹੈ। ਅਜਿਹੇ ਵਿੱਚ ਪਾਣੀ ਹਰ ਮਨੁੱਖ ਦੀ ਇੱਕ ਮੁੱਢਲੀ ਜ਼ਰੂਰਤ ਹੈ। ਰੂਪਨਗਰ ਦੇ ਦਸਮੇਸ਼ ਕਾਲੋਨੀ ਇਲਾਕੇ ਵਿੱਚ ਪਿਛਲੇ ਦੋ ਦਿਨਾਂ ਤੋਂ ਪਾਣੀ ਦੀ ਸਪਲਾਈ ਬਹੁਤ ਗੰਦਲੀ ਆ ਰਹੀ ਹੈ। ਇਸ ਕਾਰਨ ਇਲਾਕੇ ਦੇ ਲੋਕ ਕਾਫੀ ਪ੍ਰੇਸ਼ਾਨ ਹਨ।
ਈਟੀਵੀ ਭਾਰਤ ਦੀ ਟੀਮ ਨੇ ਇੱਥੇ ਮੌਜੂਦ ਇੱਕ ਘਰ ਦਾ ਦੌਰਾ ਕੀਤਾ ਤਾਂ ਦੇਖਿਆ ਉਨ੍ਹਾਂ ਦੇ ਘਰ ਜੋ ਪਾਣੀ ਸਪਲਾਈ ਰਾਹੀਂ ਆ ਰਿਹਾ ਹੈ, ਉਹ ਬਿਲਕੁਲ ਗੰਦਾ ਅਤੇ ਕਾਲੇ ਰੰਗ ਦਾ ਹੈ।
ਇਸ ਘਰ ਦੇ ਨਿਵਾਸੀ ਗੌਰਵ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ, ਪੀਣ ਵਾਲਾ ਪਾਣੀ ਵੀ ਉਨ੍ਹਾਂ ਦੇ ਘਰ ਮੌਜੂਦ ਨਹੀਂ ਹੈ। ਉੱਥੇ ਹੀ ਇਸ ਘਰ ਦੇ ਮੁਖੀ ਜਗਦੀਪ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੇ ਪੂਰੇ ਇਲਾਕੇ ਦੇ ਵਿੱਚ ਪਾਣੀ ਦੀ ਸਪਲਾਈ ਠੀਕ ਨਹੀਂ ਆ ਰਹੀ।
ਇਸ ਸਬੰਧੀ ਉਨ੍ਹਾਂ ਵੱਲੋਂ ਨਗਰ ਕੌਂਸਲ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ, ਜਗਦੀਪ ਅਨੁਸਾਰ ਪਾਣੀ ਉਨ੍ਹਾਂ ਦੇ ਘਰ ਦੇ ਵਿੱਚ ਮੁੱਢਲੀ ਜ਼ਰੂਰਤ ਹੈ। ਉਹ ਸਪਲਾਈ ਠੀਕ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਨ ਹਨ ਅਤੇ ਇਸ ਦਾ ਪੱਕਾ ਹੱਲ ਲੱਭ ਰਹੇ ਹਨ।
ਇਸ ਸਬੰਧੀ ਜਦੋਂ ਕਾਰਜਸਾਧਕ ਅਫ਼ਸਰ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੌਂਸਲ ਵੱਲੋਂ ਸਪਲਾਈ ਵਾਲਾ ਪਾਣੀ ਬਿਲਕੁਲ ਠੀਕ ਭੇਜਿਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਇਨ੍ਹਾਂ ਦੇ ਇਲਾਕੇ ਦੇ ਵਿੱਚ ਕਿਤੇ ਸੀਵਰੇਜ ਵਾਲਾ ਪਾਣੀ ਸਪਲਾਈ ਵਾਲੀ ਪਾਈਪ ਦੇ ਨਾਲ ਮਿਕਸ ਹੋ ਰਿਹਾ ਹੋਵੇਗਾ, ਜਿਸ ਦੀ ਉਹ ਜਾਂਚ ਕਰ ਰਹੇ ਹਨ ਤੇ ਜਲਦੀ ਹੀ ਇਸ ਗੰਦੇ ਪਾਣੀ ਦੀ ਸਪਲਾਈ ਦਾ ਹੱਲ ਕੱਢ ਲਿਆ ਜਾਵੇਗਾ।