ਰੋਪੜ: ਇੰਡੀਅਨ ਇੰਸਟੀਚਿਊਟੀ ਆਫ਼ ਟੈਕਨਾਲੋਜੀ ਰੂਪਨਗਰ ਵਿਖੇ ਪੰਜਾਬ ਨੂੰ ਦਰਪੇਸ਼ ਨਾਜ਼ੁਕ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤੀ ਸਿੱਖਿਆ ਮੰਡਲ ਬੀ ਐਮ ਐਮ ਦੀ ਛਤਰ ਛਾਇਆ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ । ਜਿਸ ਵਿੱਚ ਵੱਖ ਵੱਖ ਨਾਮਵਰ ਵਿੱਦਿਅਕ ਸੰਸਥਾਨ 'ਰਿਸਰਚ ਫਾਰ ਰਿਸਰਜੈਂਟ' ਪੰਜਾਬ ਆਰ ਆਰ ਪੀ ਦੀ ਅਗਵਾਈ ਕਰਨ ਲਈ ਇਕਜੁੱਟ ਹੋਏ। ਇਸ ਇਕੱਤਰਤਾ ਦਾ ਉਦੇਸ਼ ਪੰਜਾਬ ਨੂੰ ਦਰਪੇਸ਼ ਨਾਜ਼ੁਕ ਚੁਣੌਤੀਆਂ ਨਾਲ ਨਜਿੱਠਣ ਲਈ ਸਰਬਪੱਖੀ ਹੱਲ ਵਿਕਸਿਤ ਕਰਨਾ ਹੈ। ਵਿਗਿਆਨਕ ਅਤੇ ਤਕਨੀਕੀ ਖੋਜ ਸਮਾਜਿਕ ਵਿਗਿਆਨ ਅਤੇ ਮਨੁੱਖੀ ਕਦਰਾਂ ਕੀਮਤਾਂ 'ਤੇ ਜ਼ੋਰ ਦਿੰਦੇ ਹੋਏ ਆਰ ਆਰ ਪੀ ਖੇਤਰ ਦੀ ਤਰੱਕੀ ਵਿੱਚ ਇੱਕ ਪਰਿਵਰਤਨਕਾਰੀ ਏਜੰਟ ਬਣਨ ਲਈ ਤਿਆਰ ਹੈ। ਦੱਸਣਯੋਗ ਹੈ ਕਿ ਆਰ ਆਰ ਪੀ ਵਿੱਚ ਆਈ ਆਈ ਟੀ ਰੋਪੜ ਸਮੇਤ 14 ਵਿਦਿਅਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦਾ ਗੱਠਜੋੜ ਸ਼ਾਮਲ ਹੈ।
ਸਰਬਪੱਖੀ ਵਿਕਾਸ ਅਤੇ ਤਰੱਕੀ: ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਈ ਆਈ ਟੀ ਰੋਪੜ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਆਰ ਆਰ ਪੀ ਦਾ ਗਠਨ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਤਰੱਕੀ ਦੇ ਰਾਹ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰੇਗਾ। ਇਨ੍ਹਾਂ ਸੰਸਥਾਵਾਂ ਦੀ ਮੁਹਾਰਤ ਸਹੂਲਤਾਂ ਅਤੇ ਸਹਿਯੋਗੀ ਤਾਕਤ ਦਾ ਲਾਭ ਉਠਾ ਕੇ ਆਰ ਆਰ ਪੀ ਦਾ ਉਦੇਸ਼ ਖੇਤਰ ਵਿੱਚ ਸਕਾਰਾਤਮਕ ਤਬਦੀਲੀ ਲਈ ਰਾਹ ਪੱਧਰਾ ਕਰਨਾ ਹੈ। ਇੰਦਰ ਕੁਮਾਰ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਆਈ ਕੇ ਜੀ ਪੀ ਟੀ ਯੂ ਕਪੂਰਥਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਰਜਨੀਸ਼ ਅਰੋੜਾ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ ਤਿਵਾੜੀ ਆਈ ਆਈ ਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਅਤੇ ਭਾਰਤੀ ਸਿੱਖਿਆ ਮੰਡਲ ਦੇ ਕੌਮੀ ਜਥੇਬੰਦਕ ਸਕੱਤਰ ਸ਼ੰਕਰਾਨੰਦ ਜੀ ਸਮੇਤ ਅਕਾਦਮਿਕ ਅਤੇ ਸਿੱਖਿਆ ਖੇਤਰ ਦੀਆਂ ਉੱਘੀਆਂ ਸ਼ਖਸੀਅਤਾਂ ਦੀ ਅਗਵਾਈ ਹੇਠ 'ਰਿਸਰਚ ਫਾਰ ਰਿਸਰਜੈਂਟ ਪੰਜਾਬ ਖੋਜ ਅਤੇ ਵਿਕਾਸ ਲਈ ਇੱਕ ਸੰਪੂਰਨ ਤੇ ਸਮੂਹਿਕ ਪਹੁੰਚ ਦਾ ਵਾਅਦਾ ਕਰਦੀ ਹੈ।