ਰੂਪਨਗਰ: ਸ਼ਹਿਰ ਦੇ ਨਹਿਰੂ ਸਟੇਡੀਅਮ ਵਿੱਚ ਸਰਸ ਮੇਲਾ ਲਗਾਇਆ ਜਾ ਰਿਹਾ ਹੈ। ਇਹ ਮੇਲਾ 26 ਸਤੰਬਰ ਤੋਂ 6 ਅਕਤੂਬਰ ਤੱਕ ਰਹੇਗਾ। ਇਸ ਵਿੱਚ ਵੱਖ ਸੂਬਿਆਂ ਤੋਂ ਕਿਸਾਨ, ਸੱਭਿਆਚਾਰਕ ਸੰਗਠਨ ਅਤੇ ਕਲਾਕਾਰ ਹਿੱਸਾ ਲੈਣਗੇ। ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਇਸ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਮੇਲਾ ਨਹਿਰੂ ਸਟੇਡੀਅਮ ਦੇ ਸਾਹਮਣੇ ਖ਼ਾਲੀ ਪਏ 20 ਏਕੜ ਦੇ ਗਰਾਉਂਡ ਵਿੱਚ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਦੇਸ਼ ਭਰ ਦੇ 22 ਸੂਬਿਆਂ ਤੋਂ ਲੋਕ ਹਿੱਸਾ ਲੈਣਗੇ।
ਇਸ ਵਿੱਚ 300 ਵੱਧ ਸਟਾਲ ਲਗਾਏ ਜਾਣਗੇ ਅਤੇ ਇਸ ਵਿੱਚ 500 ਤੋਂ ਵੱਧ ਦਸਤਕਾਰ, ਇੱਕ ਹਜ਼ਾਰ ਤੋਂ ਵੱਧ ਕਲਾਕਾਰ ਹਿੱਸਾ ਲੈਂਣਗੇ। ਇਸ ਮੇਲੇ ਦੌਰਾਨ ਲੋਕ ਹੱਥੀ ਬਣੀਆਂ ਚੀਜ਼ਾਂ, ਕਲਾਕਾਰੀ, ਕਿਸਾਨੀ ਅਤੇ ਕਪੜਾ ਉਦਯੋਗ, ਵੱਖ-ਵੱਖ ਸੂਬਿਆਂ ਦੇ ਲਜ਼ੀਜ ਖਾਣੇ ਦੇ ਵੱਖ-ਵੱਖ ਸਟਾਲ ਦੇਖ ਸਕਣਗੇ ਅਤੇ ਇਨ੍ਹਾਂ ਚੀਜਾਂ ਦੀ ਖ਼ਰੀਦਦਾਰੀ ਕਰ ਸਕਣਗੇ। ਇਹ ਮੇਲਾ ਦਰਸ਼ਕਾਂ ਲਈ ਸਵੇਰੇ ਸਮੇਂ ਸ਼ੁਰੂ ਹੋ ਜਾਵੇਗਾ।
ਮੇਲੇ ਦੌਰਾਨ ਦਰਸ਼ਕਾਂ ਨੂੰ ਦਿਨ ਸਮੇਂ ਜਿਥੇ ਸ਼ਿਲਪਕਾਰਾਂ ਵਲੋਂ ਹੱਥ ਨਾਲ ਬਣਾਈਆਂ ਗਈਆਂ ਵਸਤਾਂ ਖਰੀਦਣ ਦਾ ਮੌਕਾ ਮਿਲੇਗਾ, ਉਥੇ ਮੇਲੇ ਦੋਰਾਨ ਸ਼ਾਮ ਸਮੇਂ ਸਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਸੂਬਿਆਂ ਦੀ ਸਭਿਆਚਾਰਕ ਝਲਕ ਦੇਖਣ ਨੂੰ ਮਿਲੇਗੀ। ਇਸ ਦੌਰਾਨ ਦਰਸ਼ਕਾਂ ਨੂੰ ਭਾਰਤ ਦੇ ਸਮੂਹ ਕਈ ਸੂਬਿਆਂ ਦਾ ਸੱਭਿਆਚਾਰ ਇੱਕੋਂ ਥਾਂ ਵੇਖਣ ਨੂੰ ਮਿਲੇਗਾ। ਇਸ ਦੌਰਾਨ ਇਸ ਮੇਲੇ ਵਿੱਚ ਕਈ ਮਸ਼ਹੂਰ ਗਾਇਕ ਵੀ ਹਿੱਸਾ ਲੈਣਗੇ। ਇਸ ਮੇਲੇ ਵਿੱਚ ਆਮ ਲੋਕਾਂ ਲਈ ਐਂਟਰੀ ਫੀਸ ਮਹਿਜ 20 ਰੁਪਏ ਰੱਖੀ ਗਈ ਹੈ ਅਤੇ ਬੱਚਿਆਂ ਨੂੰ ਮੇਲੇ ਵਿੱਚ ਮੁਫ਼ਤ ਐਂਟਰੀ ਦਿੱਤੀ ਜਾਵੇਗੀ।
ਇਸ ਬਾਰੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੇਲਾ ਭਾਰਤ ਦੀ ਦਸਤਕਾਰੀ ਦੇ ਦਿਲਕਸ਼ ਨਮੂਨਿਆਂ ਨੂੰ ਪੇਸ਼ ਕਰੇਗਾ ਅਤੇ ਦੇਸ਼ ਦੇ ਦਸਤਕਾਰਾਂ ਲਈ ਆਪਣੇ ਨਮੂਨਿਆਂ ਨੂੰ ਵੇਚਣ ਦਾ ਇਹ ਇਕ ਵੱਡਾ ਮੌਕਾ ਵੀ ਹੈ। ਉਨ੍ਹਾਂ ਕਿਹਾ ਕਿ ਸਰਸ ਮੇਲੇ ਸਬੰਧੀ ਲੋਕਾਂ ਦੀ ਸਹੂਲਤ ਵਾਸਤੇ ਵੱਡੇ ਪੱਧਰ ’ਤੇ ਬਹੁਤ ਵਧੀਆ ਇੰਤਜ਼ਾਮ ਕੀਤੇ ਜਾ ਰਹੇ ਹਨ, ਜਿਸ ਵਿੱਚ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਕਲਾਕਾਰਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ, ਮੇਲੇ ਵਿੱਚ ਆਉਣ ਵਾਲੇ ਮੇਲਾ ਪ੍ਰੇਮੀਆਂ ਲਈ ਵੱਖ-ਵੱਖ ਸਹੂਲਤਾਂ ਤੋਂ ਇਲਾਵਾ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਹੋਣਗੇ।