ਰੂਪਨਗਰ: ਸੰਸਾਰ ਭਰ ਵਿੱਚ ਫੈਲੀ ਕੋਰੋਨਾ ਦੀ ਮਹਾਂਮਾਰੀ ਨੇ ਦੁਨੀਆ ਦੀ ਅਰਥ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਮਹਾਂਮਾਰੀ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਲਗਾਤਾਰ ਦੋ ਮਹੀਨੇ ਕਰਫਿਊ ਲਗਾ ਕੇ ਰੱਖਿਆ ਤਾਂ ਜੋ ਜਨਤਾ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ।
ਇਸ ਕਾਰਨ ਆਮ ਵਰਗ, ਦੁਕਾਨਦਾਰ, ਵਪਾਰੀ ਬਹੁਤ ਚਿੰਤਾ ਵਿਚ ਆ ਗਏ ਹਨ। ਪੰਜਾਬ ਦੇ ਵਿੱਚ 31 ਮਈ ਤੱਕ ਲੌਕਡਾਊਨ ਜਾਰੀ ਹੈ। ਇਸ ਦੌਰਾਨ ਰੂਪਨਗਰ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦੁਕਾਨਾਂ ਖੁੱਲ੍ਹਦੀਆਂ ਹਨ।
ਈਟੀਵੀ ਭਾਰਤ ਦੀ ਰੂਪਨਗਰ ਟੀਮ ਨੇ ਸਥਾਨਕ ਇੱਕ ਰੈਡੀਮੇਡ ਕੱਪੜਿਆਂ ਵਾਲੇ ਦੁਕਾਨਦਾਰ ਨਾਲ ਖਾਸ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਲੌਕਡਾਊਨ ਦੌਰਾਨ ਜੋ ਸਰਕਾਰ ਵੱਲੋਂ ਉਨ੍ਹਾਂ ਨੂੰ ਦੁਕਾਨਾਂ ਖੁੱਲ੍ਹਣ ਦਾ ਸਮਾਂ ਦਿੱਤਾ ਗਿਆ ਹੈ ਉਨ੍ਹਾਂ ਦੀ ਦੁਕਾਨ ਉੱਤੇ ਕੋਈ ਗਾਹਕ ਨਹੀਂ ਆਉਂਦਾ ਬਲਕਿ ਉਲਟਾ ਉਹ ਹੋਰ ਘਾਟੇ ਵਿੱਚ ਜਾ ਰਹੇ ਹਨ।
ਰੈਡੀਮੇਡ ਦੀ ਦੁਕਾਨ ਉੱਤੇ ਗਾਹਕ ਸ਼ਾਮ ਦੇ ਵੇਲੇ ਆਉਂਦਾ ਹੈ। ਜੇ ਕੋਈ ਨੌਕਰੀ ਕਰਦਾ ਹੈ, ਕੋਈ ਫੈਕਟਰੀ ਵਿੱਚ ਲੱਗਿਆ ਹੋਇਆ ਜਾਂ ਕੋਈ ਬੈਂਕ ਦੇ ਵਿੱਚ ਲੱਗਿਆ ਹੋਇਆ ਹੈ ਉਹ ਸ਼ਾਮ ਨੂੰ ਆਪਣੀ ਡਿਊਟੀ ਤੋਂ ਬਾਅਦ ਹੀ ਆਪਣੇ ਪਰਿਵਾਰ ਦੇ ਨਾਲ ਕੱਪੜੇ ਖਰੀਦਣ ਵਾਸਤੇ ਘਰੋਂ ਨਿਕਲਦਾ ਹੈ ਪਰ ਸ਼ਾਮ ਨੂੰ 6 ਵਜੇ ਤਾਂ ਸਾਡੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਹਨ ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸ਼ਾਮੀ 3 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਰੈਡੀਮੇਡ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਕੱਪੜਾ ਵੇਚ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਹ ਕੱਪੜੇ ਦੇ ਉੱਪਰ ਲੱਗਣ ਵਾਲਾ ਟੈਕਸ ਤੇ ਜੀਐਸਟੀ ਵੀ ਅਦਾ ਕਰਦੇ ਹਨ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਉੱਤੇ ਪਰਿਵਾਰ ਦੇ ਖਰਚੇ, ਦੁਕਾਨ ਦੇ ਕਿਰਾਏ, ਬਿਜਲੀ ਦੇ ਬਿੱਲ ਅਤੇ ਵਰਕਰਾਂ ਦੀ ਤਨਖ਼ਾਹ ਦੇਣ ਦਾ ਬੋਝ ਪਿਆ ਹੋਇਆ ਹੈ। ਅਜਿਹੇ ਹਾਲਾਤਾਂ ਦੇ ਵਿੱਚ ਉਹ ਬਹੁਤ ਤੰਗ ਤੇ ਪਰੇਸ਼ਾਨ ਹਨ। ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਜੇ ਇਹੀ ਹਾਲਾਤ ਰਹੇ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੀ ਦੁਕਾਨ ਨੂੰ ਤਾਲਾ ਲਗਾ ਦੇਵੇਗਾ।