ਰੂਪਨਗਰ: ਪੰਜਾਬ ਦੇ ਵਿੱਚ ਕੋਰੋਨਾ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਲਈ ਸੂਬੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਲਗਾ ਦਿੱਤਾ ਗਿਆ ਹੈ ਜੋ 14 ਅਪ੍ਰੈਲ ਤੱਕ ਜਾਰੀ ਰਹੇਗਾ। ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਵੀਡੀਓ ਸੰਦੇਸ਼ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ, ਜਿਸ 'ਚ ਉਨ੍ਹਾਂ ਨੇ 5 ਅਪ੍ਰੈਲ ਦੇ ਦਿਨ ਐਤਵਾਰ ਰਾਤ ਨੂੰ 9 ਵਜੇ 9 ਮਿੰਟਾਂ ਲਈ ਦੀਵੇ, ਮੋਮਬੱਤੀਆਂ ਅਤੇ ਟਾਰਚ ਜਗਾਉਣ ਦੀ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਕਰਨ ਨਾਲ ਕੋਰੋਨਾ ਨੂੰ ਵੀ ਪ੍ਰਕਾਸ਼ ਦਾ ਮਹੱਤਵ ਸਮਝ ਆਵੇਗਾ।
ਥਾਲੀ ਬਜਾਉਣ ਅਤੇ ਦੀਵੇ ਜਗਾਉਣ ਦੀ ਥਾਂ ਰੋਟੀ ਦਾ ਪ੍ਰਬੰਧ ਕਰਨ ਮੋਦੀ - roopnagar news
ਐਤਵਾਰ ਰਾਤ ਨੂੰ 9 ਵਜੇ 9 ਮਿੰਟ ਦੀਵੇ, ਮੋਮਬੱਤੀਆਂ ਅਤੇ ਟਾਰਚ ਜਗਾਉਣ ਦੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਜਨਤਾ ਨੂੰ ਆਖੀ ਗਈ ਹੈ। ਰੋਪੜ ਦੇ ਲੋਕਾਂ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਕਾਰਦੇ ਹੋਏ ਸਰਕਾਰ ਨੂੰ ਰੋਟੀ ਦਾ ਪ੍ਰਬੰਧ ਕਰਨ ਦੀ ਗੱਲ ਆਖੀ ਹੈ।
ਪ੍ਰਧਾਨ ਮੰਤਰੀ ਦੀ ਇਸ ਅਪੀਲ ਜਾ ਬੇਨਤੀ 'ਤੇ ਕਈ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉੱਥੇ ਹੀ ਰੂਪਨਗਰ ਦੇ ਵਾਸੀ ਮੰਗਲ ਨਾਥ ਸ਼ਰਮਾ ਨੇ ਪੀਐਮ ਮੋਦੀ ਦੀ ਇਸ ਗੱਲ 'ਤੇ ਕਰਾਰਾ ਜਵਾਬ ਦਿੱਤਾ ਹੈ। ਮੰਗਲ ਨਾਥ ਸ਼ਰਮਾ ਨੇ ਕਿਹਾ ਕਿ ਲੋਕਾਂ ਕੋਲ ਮੋਮਬੱਤੀਆਂ ਅਤੇ ਦੀਵੇ ਬਾਲਣ ਲਈ ਪੈਸੇ ਨਹੀਂ ਹਨ। ਉਨ੍ਹਾਂ ਸਮਾਜ ਅਤੇ ਜ਼ਮੀਨੀ ਹਕੀਕਤ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਲੋਕਾਂ ਨੂੰ 15 ਤੋਂ 20 ਦਿਨ ਘਰ ਬੈਠੇ ਹੋ ਗਏ ਹਨ, ਜਿਸ ਕਾਰਨ ਲੋਕਾਂ ਕੋਲ ਰਾਸ਼ਨ ਪਾਣੀ ਤੱਕ ਖ਼ਤਮ ਹੋ ਗਿਆ ਹੈ। ਉਨ੍ਹਾਂ ਪੀਐਮ ਮੋਦੀ ਨੂੰ ਸਿੱਧੇ ਸ਼ਬਦਾਂ 'ਚ ਥਾਲੀ ਬਜਾਉਣ ਅਤੇ ਦੀਵੇ ਜਲਾਉਣ ਤੋਂ ਉੱਪਰ ਲੋਕਾਂ ਲਈ ਰੋਟੀ ਦਾ ਪ੍ਰਬੰਧ ਕਰਨ ਦੀ ਗੱਲ ਆਖੀ ਹੈ।