ਰੂਪਨਗਰ: ਭਾਰਤ ਦੇ 73ਵੇਂ ਅਜ਼ਾਦੀ ਦਿਹਾੜੇ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਰੂਪਨਗਰ 'ਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਨਾਲ ਹੀ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।
ਪੰਜਾਬ ਸਰਕਾਰ ਕਰੇਗੀ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ
ਇਸ ਦੌਰਾਨ ਕੈਬਿਨੇਟ ਮੰਤਰੀ ਨੇ ਕਿਹਾ ਕਿ ਜੇ ਵਿਦਿਆਰਥੀਆਂ ਨੂੰ ਇੱਥੇ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਸਬੰਧੀ ਜੇ ਕਿਸੇ ਵਿਦਿਆਰਥੀ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਜੰਮੂ-ਕਸ਼ਮੀਰ ਵਿੱਚ ਸਥਿਤ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੰਪਰਕ ਕਰਨ। ਜ਼ਿਲ੍ਹਾ ਪ੍ਰਸ਼ਾਸ਼ਨ ਉੱਥੇ ਦੇ ਸਥਾਨਕ ਪ੍ਰਸ਼ਾਸਨ ਨਾਲ ਗੱਲ ਕਰ ਕੇ ਹਰ ਤਰ੍ਹਾ ਦੀ ਸੰਭਵ ਸਹਾਇਤਾ ਕਰੇਗਾ।
ਇਹ ਵੀ ਪੜ੍ਹੋ: 73rd independence day: ਹਾਲੇ ਵੀ ਅੱਲੇ ਹਨ ਵੰਡ ਦੇ ਜ਼ਖ਼ਮ
ਸ਼ਹਿਰ ਦੇ ਵਿਕਾਸ ਦੀ ਹੋ ਰਹੀ ਕੋਸ਼ਿਸ ਜਾਂ ਦਿੱਤਾ ਜਾ ਰਿਹਾ ਦਿਲਾਸਾ!
ਇਸ ਦੇ ਨਾਲ ਹੀ ਮੰਤਰੀ ਨੇ ਸ਼ਹਿਰ ਦੇ ਵਿਕਾਸ ਦੇ ਸਬੰਧ ਵਿੱਚ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਟਰਾਂਸਪੋਰਟ ਵਿਭਾਗ ਵਿੱਚ ਬਹੁਤ ਕੁੱਝ ਸੁਧਾਰ ਆਉਣ ਵਾਲਾ ਹੈ। ਆਮ ਜਨਤਾ ਨੂੰ ਜੋ ਸਮੱਸਿਆਵਾਂ ਆ ਰਹੀਆਂ ਹਨ ਉਸ ਨੂੰ ਮੁੱਖ ਰੱਖਦੇ ਹੋਏ ਉਲੀਕੀ ਗਈ ਨਵੀ ਪੋਲਿਸੀ 'ਤੇ ਕੰਮ ਕੀਤਾ ਜਾ ਰਿਹਾ ਹੈ। ਕੈਬਿਨੇਟ ਮੰਤਰੀ ਨੇ ਕਿਹਾ ਕਿ ਬਹੁਤ ਛੇਤੀ ਕਾਫ਼ੀ ਸੁਧਾਰ ਵੇਖਣ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਕਮਰਸ਼ੀਅਲ ਗੱਡੀਆਂ ਦੇ ਕੰਮਾਂ ਦੀ ਸਮੱਸਿਆ ਸਬੰਧੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ ਰੋਪੜ 'ਚ ਸਥਾਈ ਤੌਰ 'ਤੇ ਏ.ਟੀ.ਓ. ਦੀ ਤੈਨਾਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਰੋਪੜ 'ਚ ਫੁੱਲ ਆਰ.ਟੀ.ਓ. ਦਫਤਰ ਬਣਾਉਣ ਦਾ ਵੀ ਯਤਨ ਕੀਤਾ ਜਾ ਰਿਹਾ ਹੈ। ਉਥੇ ਹੀ ਬੱਸ ਸਟੈਂਡ ਨੂੰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀ.ਆਰ.ਟੀ.ਸੀ. ਵਿੱਚ 100 ਦੇ ਕਰੀਬ ਨਵੀਆਂ ਬੱਸਾਂ ਚਲਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਜਿਨ੍ਹਾਂ ਨਹਿਰੀ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਇਲਾਕਿਆਂ ਵਿੱਚ ਵੱਡੇ ਪੱਧਰ 'ਤੇ ਪ੍ਰਾਜੈਕਟ ਲਗਾ ਕੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ।