ਰੂਪਨਗਰ:ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਤੋਂ ਰਾਣਾ ਕੰਵਰਪਾਲ ਨੂੰ ਪਾਰਟੀ ਉਮੀਦਵਾਰ ਬਣਾਏ ਜਾਣ 'ਤੇ ਰਾਣਾ ਕੰਵਰਪਾਲ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ।
ਗੁਰੂ ਘਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 5 ਸਾਲ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਦੇ ਵਿੱਚ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ। ਨੰਗਲ ਤੋਂ ਲੈ ਕੇ ਹਲਕਾ ਵਿਧਾਨ ਸਭਾ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਵੱਖ ਵੱਖ ਤਰ੍ਹਾਂ ਦੇ ਵਿਕਾਸ ਕਾਰਜ ਉਨ੍ਹਾਂ ਵੱਲੋਂ ਕਰਵਾਏ ਗਏ ਅਤੇ ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਉਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ ਲੋਕ ਹੁਣ ਫੇਰ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦੇਣਗੇ।
ਇਸ ਤੋਂ ਇਲਾਵਾ ਪਾਰਟੀ ਵਿੱਚ ਆਪਸੀ ਗੁੱਟਬਾਜ਼ੀ ਦੇ ਸੰਬੰਧ ਵਿੱਚ ਜਵਾਬ ਦਿੰਦਿਆਂ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪਰਿਵਾਰਾਂ ਦੇ ਵਿੱਚ ਅਕਸਰ ਛੋਟੇ ਮੋਟੇ ਝਗੜੇ ਹੁੰਦੇ ਰਹਿੰਦੇ ਹਨ, ਪ੍ਰੰਤੂ ਵੱਡੀ ਜੰਗ ਦੇ ਵਿੱਚ ਕਾਂਗਰਸ ਦਾ ਸਮੁੱਚਾ ਪਰਿਵਾਰ ਇਕਜੁੱਟ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਇਕਜੁੱਟਤਾ ਸਾਰਿਆਂ ਨੂੰ ਦੇਖਣ ਨੂੰ ਮਿਲੇਗੀ।