ਰੋਪੜ:ਫਰਜ਼ੀ ਟਰੈਵਲ ਏਜੰਟ ਦੇ ਧੌਖੇ ਦਾ ਸ਼ਿਕਾਰ ਹੋਕੇ ਲੀਬੀਆ ਵਿੱਚ ਫਸੇ ਸ੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਹੁਣ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਐਕਸ਼ਨ ਕੀਤਾ ਹੈ। ਪੁਲਿਸ ਨੇ ਦਿੱਲੀ ਤੋਂ ਫਰਜ਼ੀ ਟਰੈਵਲ ਏਜੰਟ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਹਰਜੋਤ ਬੈਂਸ ਨੇ ਦਿੱਤਾ ਭਰੋਸਾ:ਮਾਮਲੇ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਤੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਦਿਆਂ ਫਰਜ਼ੀ ਏਜੰਟ ਦੇ ਫੜ੍ਹੇ ਜਾਣ ਦੀ ਗੱਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਭਰੋਸਾ ਵੀ ਦਿਵਾਇਆ ਹੈ ਕਿ ਉਨ੍ਹਾਂ ਦੇ ਬੱਚੇ ਬਹੁਤ ਜਲਦ ਸਹੀ ਸਲਾਮਤ ਵਾਪਿਸ ਘਰ ਪਰਤਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਵਤਨ ਵਾਪਸੀ ਲਈ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਨੌਜਵਾਨ ਹਨ ਕੈਦ:ਦੱਸ ਦਈਏ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਲੰਗ ਮਜਾਰੀ ਦੇ ਨੌਜਵਾਨ, ਟਰੈਵਲ ਏਜੰਟ ਦੇ ਵੱਲੋਂ ਕੀਤੀ ਧੋਖਾਧੜੀ ਦੇ ਚੱਲਦਿਆਂ ਲੀਬੀਆ ਵਿੱਚ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਇਨ੍ਹਾਂ ਵਿੱਚ ਅਨੰਦਪੁਰ ਸਾਹਿਬ ਦੇ ਪਿੰਡ ਲੰਗ ਮਜਾਰੀ ਦੇ 5 ਨੌਜਵਾਨ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇੱਕ ਦਿੱਲੀ ਦੇ ਏਜੰਟ ਵੱਲੋਂ ਦੁਬਈ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਲੀਬੀਆ ਭੇਜ ਦਿੱਤਾ ਗਿਆ ਅਤੇ ਉੱਥੇ ਬੈਨਗਾਜੀ ਸ਼ਹਿਰ ਦੀ ਇੱਕ ਸੀਮੈਂਟ ਫੈਕਟਰੀ ਵਿੱਚ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:Ram Rahim: ਮੋਢਾ ਰਾਮ ਰਹੀਮ ਦਾ ਬੰਦੂਕ ਭਾਜਪਾ ਦੀ ! ਨਿਸ਼ਾਨੇ ਉੱਤੇ ਐਸਜੀਪੀਸੀ, ਪੜ੍ਹੋ ਖਾਸ ਰਿਪੋਰਟ
ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਵਿੱਚ ਨੌਜਵਾਨ ਇੱਕ ਬੰਦ ਕਮਰੇ ਅੰਦਰ ਵਿਖਾਈ ਦੇ ਰਹੇ ਹਨ ਅਤੇ ਨੌਜਵਾਨਾਂ ਕਹਿ ਰਹੇ ਹਨ ਕਿ ਉਹਨਾਂ ਨੂੰ ਭੁੱਖੇ ਪਿਆਸੇ ਰੱਖ ਕੇ ਕੁੱਟਿਆ ਮਾਰਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਹੁਣ ਪਰਿਵਾਰ ਨਾਲ ਵੀ ਸੰਪਰਕ ਨਹੀਂ ਕਰ ਪਾ ਰਹੇ। ਵੀਡੀਓ ਵਿੱਚ ਕੁੱਲ 12 ਨੌਜਵਾਨ ਨਜ਼ਰ ਆ ਰਹੇ ਹਨ ਜੋ ਕਿ ਇਸ ਵੇਲੇ ਲੀਬੀਆ 'ਚ ਫਸੇ ਹੋਏ ਹਨ, ਇਹਨਾਂ ਵਿਚੋਂ ਇਕ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ। ਦੱਸ ਦਈਏ ਬੀਤੇ ਦਿਨ ਨੌਜਵਾਨਾਂ ਦੇ ਪਰਿਵਾਰ ਨੇ ਮੰਗ ਕੀਤੀ ਸੀ ਕਿ ਉਹਨਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਘਰ ਲਿਆਂਦਾ ਜਾਵੇ।