ਰੂਪਨਗਰ:ਪੰਜਾਬ ਆਪ ਸਰਕਾਰ ਦੇ 6 ਮਹੀਨੇ ਪੂਰੇ ਹੋ ਚੁੱਕੇ ਹਨ। ਲੋਕਾਂ ਦੀ ਉਮੀਦ 'ਤੇ ਕਿੰਨੀ ਉਤਰੀ ਖਰੀ ਆਮ ਆਦਮੀ ਪਾਰਟੀ ਦੀ ਸਰਕਾਰ, ਇਹ ਲੋਕਾਂ ਕੋਲੋਂ ਹੀ ਸੁਣਨਾ ਬੇਹਦ ਦਿਲਚਸਪ ਰਹੇਗਾ। ਪੰਜਾਬ ਵਿੱਚ ਕਰੀਬ ਛੇ ਮਹੀਨੇ ਦਾ ਸਮਾਂ ਹੋ ਗਿਆ ਹੈ ਅਤੇ ਇਸ ਬਾਬਤ ਲੋਕਾਂ ਵੱਲੋਂ ਹੁਣ ਪਾਰਟੀ ਉੱਤੇ ਆਪਣੇ ਪ੍ਰਤੀਕਰਮ ਦੇਣੇ ਵੀ ਸ਼ੁਰੂ ਕਰ ਦਿੱਤੇ ਗਏ ਹਨ।
ਜਦੋਂ ਰੂਪਨਗਰ ਦੇ ਕੁਝ ਲੋਕਾਂ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਛੇ ਮਹੀਨੇ ਦਾ ਸਮਾਂ ਹੋ ਗਿਆ ਹੈ ਤੁਸੀਂ ਸਰਕਾਰ ਦੇ ਕੰਮ ਨੂੰ ਕਿੱਦਾਂ ਆਂਕਦੇ ਹੋ, ਤਾਂ ਲੋਕਾਂ ਵੱਲੋਂ ਰਲਿਆ ਮਿਲਿਆ ਹੁੰਗਾਰਾ ਦੇਖਣ ਨੂੰ ਮਿਲਿਆ।
ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਭਾਵੇਂ ਹਾਲੇ ਸਿਰਫ਼ ਛੇ ਮਹੀਨੇ ਹੋਏ ਹਨ ਪਰ ਸਰਕਾਰ ਵੱਲੋਂ ਕੰਮ ਕਰਨ ਦੀ ਨੀਅਤ ਜ਼ਰੂਰ ਦਿਖਾਈ ਜਾ ਰਹੀ ਹੈ। ਸੰਦੀਪ ਜੋਸ਼ੀ ਨੇ ਦੱਸਿਆ ਕਿ ਉਹ ਫਿਲਹਾਲ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨਾਲ ਸੰਤੁਸ਼ਟ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਵੀ ਸਰਕਾਰ ਨੂੰ ਮਾਪਣ ਲਈ ਬਹੁਤੀ ਕਾਹਲੀ ਨਹੀਂ ਕਰਨੀ ਚਾਹੀਦੀ। ਅਜੇ ਸਰਕਾਰ ਬਣੀ ਨੂੰ ਕੁਝ ਸਮਾਂ ਹੀ ਹੋਇਆ ਹੈ।
ਇਸ ਸਮੇਂ ਦੌਰਾਨ ਖਾਸ ਤੌਰ ਉੱਤੇ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਜੋ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਤੋਂ ਉਹ ਸੰਤੁਸ਼ਟ ਦਿਖਾਈ ਦਿੰਦੇ ਹਨ। ਸੰਦੀਪ ਜੋਸ਼ੀ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਉਸ ਦਾ ਲੋਕਾਂ ਨੂੰ ਬਹੁਤ ਹੀ ਫ਼ਾਇਦਾ ਹੋਇਆ ਹੈ ਅਤੇ ਜੋ ਬਿਜਲੀ ਦੇ ਬਿੱਲ ਮੁਆਫ ਕੀਤੇ ਜਾ ਰਹੇ ਹਨ। 300 ਯੂਨਿਟ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਮਾਫ ਕੀਤੀ ਜਾ ਰਹੀ ਹੈ। ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ।