ਰੂਪਨਗਰ : ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਆਉਂਦੇ ਪਿੰਡ ਫੂਲ ਖ਼ੁਰਦ ਵਿੱਚ ਹਰਪਾਲ ਚੀਮਾ ਸ਼ੁੱਕਰਵਾਰ ਨੂੰ ਹੜ੍ਹਾਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਈਟੀਵੀ ਭਾਰਤ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਰਦਿਆਂ ਉਨ੍ਹਾਂ ਕਿਹਾ ਜੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਮੀਂਹਾਂ ਦੇ ਮੌਸਮ ਤੋਂ ਠੀਕ ਪਹਿਲਾਂ ਨਦੀਆਂ-ਨਾਲਿਆਂ ਦੀ ਸਫ਼ਾਈ ਕਰਵਾਉਂਦਾ ਤਾਂ ਇਸ ਤਰ੍ਹਾਂ ਹੜ੍ਹਾਂ ਦੇ ਨਾਲ ਕੇਵਲ 50 ਕਰੋੜ ਦਾ ਹੀ ਨੁਕਸਾਨ ਹੋਣਾ ਸੀ।
ਸੂਬਾ ਸਰਕਾਰ ਦੇ ਮਾੜੇ ਪ੍ਰਬੰਧਾਂ 'ਤੇ ਨਿਸ਼ਾਨਾ ਲਾਉਂਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਹਰ ਸਾਲ ਬਰਸਾਤਾਂ ਤੋਂ ਪਹਿਲਾਂ ਨਦੀ-ਨਾਲਿਆਂ ਦੀ ਸਫ਼ਾਈ ਵਾਸਤੇ ਸਰਕਾਰ ਫ਼ੰਡ ਰੱਖਦੀ ਹੈ ਜੇ ਉਹ ਫੰਡ ਇੰਨ੍ਹਾਂ ਮੌਕਿਆਂ 'ਤੇ ਖਰਚੇ ਤਾਂ ਇਹ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਈਟੀਵੀ ਭਾਰਤ ਨੇ ਹੜ੍ਹਾਂ ਦੌਰਾਨ ਪਿੰਡ ਵਾਸੀਆਂ ਦੀ ਕੀਤੀ ਮਦਦ
ਚੀਮਾ ਨੇ ਕਿਹਾ ਕਿ ਜੋ ਹੁਣ ਕੈਪਟਨ ਸਰਕਾਰ ਵੱਲੋਂ ਹੜ੍ਹਾਂ ਦੀ ਰਾਹਤ ਵਾਸਤੇ 100 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਉਹ ਕਾਫੀ ਨਹੀਂ ਹੁਣ ਤਾਂ ਪੰਜਾਬ ਦੇ ਲੋਕਾਂ ਦਾ ਹੜ੍ਹਾਂ ਨਾਲ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਕਿਸਾਨਾਂ ਦੀਆਂ ਫ਼ਸਲਾਂ 100 ਫ਼ੀਸਦੀ ਨੁਕਸਾਨੀਆਂ ਗਈਆਂ ਹਨ ਅਤੇ ਫ਼ਸਲਾਂ ਤੋਂ ਇਲਾਵਾ ਹੋਰ ਵੀ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਜਿਸ ਦਾ ਸਰਕਾਰ ਉਨ੍ਹਾਂ ਨੂੰ ਪੂਰਾ-ਪੂਰਾ ਮੁਆਵਜ਼ਾ ਦੇਣਾ ਚਾਹੀਦਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਇਹ ਹੜ੍ਹ ਮੀਂਹਾਂ ਕਰਕੇ ਆਇਆ ਹੈ ਅਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਪ੍ਰਬੰਧ ਸਹੀ ਨਾ ਹੋਣ ਕਰਕੇ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਵੱਖ-ਵੱਖ ਦਰਿਆਵਾਂ ਦੇ ਪਾਣੀ ਨੂੰ ਸਹੀ ਤਰੀਕੇ ਨਾਲ ਕੰਟਰੋਲ ਕੀਤਾ ਜਾਵੇ। ਚੀਮਾ ਨੇ ਕਿਹਾ ਕਿ ਬਾਹਰਲੇ ਮੁਲਕਾਂ ਵਿੱਚ ਉੱਥੋਂ ਦੀਆਂ ਸਰਕਾਰਾਂ ਬਰਸਾਤੀ ਪਾਣੀ ਨੂੰ ਸੰਭਾਲ ਕੇ ਰੱਖਦੀਆਂ ਹਨ ਤੇ ਬਾਅਦ ਵਿੱਚ ਉਸ ਨੂੰ ਵਰਤੋਂ ਵਿੱਚ ਲਿਆਉਂਦੀਆਂ ਹਨ। ਉਸ ਪਾਣੀ ਨੂੰ ਉਹ ਸਿੰਚਾਈ ਅਤੇ ਵੱਖ-ਵੱਖ ਕੰਮਾਂ ਲਈ ਵੀ ਵਰਤਦੇ ਹਨ। ਪੰਜਾਬ ਸਰਕਾਰ ਆਪਣਾ ਵਫਦ ਵਿਦੇਸ਼ਾਂ ਵਿੱਚ ਭੇਜ ਕੇ ਉਨ੍ਹਾਂ ਤੋਂ ਇਸ ਬਾਰੇ ਜਾਣਕਾਰੀ ਲੈ ਸਕਦੀ ਹੈ ਅਤੇ ਪੰਜਾਬ ਵਿੱਚ ਲਾਗੂ ਕਰ ਸਕਦੀ ਹੈ।