ਰੂਪਨਗਰ: ਸੂਬੇ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਤੋਂ ਬਚਾਅ ਤੇ ਪੀੜਤ ਮਰੀਜ਼ਾਂ ਦੇ ਇਲਾਜ ਲਈ ਸੂਬਾ ਸਰਕਾਰ ਲਗਾਤਾਰ ਕੋਰੋਨਾ ਵਾਇਰਸ ਦੀ ਜੰਗ ਜਿੱਤਣ ਵਾਲੇ ਲੋਕਾਂ ਨੂੰ ਪਲਾਜ਼ਮਾਂ ਦਾਨ ਕਰਨ ਦੀ ਅਪੀਲ ਕਰ ਰਹੀ ਹੈ। ਉਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਪਲਾਜ਼ਮਾਂ ਵੇਚਣ ਦੇ ਫੈਸਲੇ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ।
ਇਸ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੰਜਾਬ ਸਰਕਾਰ ਉੱਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਪਲਾਜ਼ਮਾਂ ਵੇਚਣ ਦੇ ਫੈਸਲੇ ਨੂੰ ਸ਼ਰਮਨਾਕ ਦੱਸਿਆ ਹੈ।
ਹਸਪਤਾਲਾਂ ਨੂੰ ਪਲਾਜ਼ਮਾਂ ਵੇਚਣ ਦਾ ਫੈਸਲਾ ਸ਼ਰਮਨਾਕ ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਰਾਸ਼ਨ ਵੰਡਣ ਤੋਂ ਲੈ ਕੇ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣ ਵਿੱਚ ਸੂਬਾ ਸਰਕਾਰ ਅਸਫਲ ਰਹੀ ਹੈ। ਕੈਪਟਨ ਸਰਕਾਰ ਆਮ ਜਨਤਾ ਪ੍ਰਤੀ ਆਪਣੀ ਕੋਈ ਵੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਨਹੀਂ ਸਕੀ ਹੈ।
ਉਨ੍ਹਾਂ ਆਖਿਆ ਕਿ ਹੁਣ ਕੋਰੋਨਾ ਕਾਲ 'ਚ ਪੰਜਾਬ ਸਰਕਾਰ ਮਹਿਜ਼ ਬਿਆਨਬਾਜ਼ੀ ਤੇ ਐਲਾਨ ਹੀ ਕਰ ਰਹੀ ਹੈ। ਜਦਕਿ ਜ਼ਮੀਨੀ ਪੱਧਰ 'ਤੇ ਲੋਕਾਂ ਦੀ ਸਿਹਤ ਸਬੰਧੀ ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਹੋ ਰਿਹਾ ਹੈ। ਉਨ੍ਹਾਂ ਇਸ ਦੇ ਲਈ ਅੰਮ੍ਰਿਤਸਰ ਵਿਖੇ ਭਾਈ ਨਿਰਮਲ ਸਿੰਘ ਦੇ ਇਲਾਜ ਮਾਮਲੇ ਅਤੇ ਲੁਧਿਆਣਾ 'ਚ ਕੋਰੋਨਾ ਵਾਇਰਸ ਕਾਰਨ ਪੁਲਿਸ ਅਧਿਕਾਰੀ ਦੀ ਮੌਤ ਬਾਰੇ ਗੱਲ ਕੀਤੀ।
ਭਾਈ ਅਮਰਜੀਤ ਸਿੰਘ ਨੇ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਲੋਕਾਂ ਦੀ ਮਦਦ ਬਜਾਏ ਸ਼ਰਾਬ ਦੇ ਠੇਕੇ ਖੋਲ੍ਹਣ, ਮਾਈਨਿੰਗ ਦੇ ਕੰਮ ਕਰਨ ਅਤੇ ਹੁਣ ਪਲਾਜ਼ਮਾ ਵੇਚਣ ਨੂੰ ਮਹਿਜ਼ ਪੈਸੇ ਕਮਾਉਣ ਦਾ ਜ਼ਰਿਆ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਨਤਾ ਦੀ ਸਿਹਤ ਨੂੰ ਛੱਡ ਸਿਰਫ਼ ਖ਼ੁਦ ਪੈਸੇ ਕਮਾਉਣ ਬਾਰੇ ਸੋਚ ਰਹੀ ਹੈ। ਇਹ ਬੇਹਦ ਸ਼ਰਮਨਾਕ ਗੱਲ ਹੈ।