ਰੂਪਨਗਰ: ਉਡਾਣ’ ਪ੍ਰਾਜੈਕਟ ਦੀ ਅੱਜ ਜ਼ਿਲ੍ਹਾ ਰੂਪਨਗਰ ਵਿੱਚ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਵੱਲੋ ਸ਼ੁਰੂਆਤ ਕੀਤੀ ਗਈ। ਇਸ ਪ੍ਰਾਜੈਕਟ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚੀਆਂ ਨੂੰ ਮੁਫ਼ਤ ਸੈਨੇਟਰੀ ਨੈਪਕਿਨ ਵੰਡੇ ਜਾਣੇ ਹਨ। ਪੰਜਾਬ ਸਰਕਾਰ ਵੱਲੋਂ ਵਰਚੂਅਲ ਮਾਧਿਅਮ ਰਾਹੀਂ ਕੀਤੇ ਗਏ ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਤੋਂ ਸ਼ਿਰਕਤ ਕਰਨ ਤੋਂ ਫੌਰੀ ਮਗਰੋਂ ਸੋਨਾਲੀ ਗਿਰੀ ਨੇ ਗ਼ਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਸੈਨੇਟਰੀ ਨੈਪਕਿਨ ਵੰਡੇl
ਬੱਚੀਆਂ ਅਤੇ ਔਰਤਾਂ ਨੂੰ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਸੋਨਾਲੀ ਗਿਰੀ ਨੇ ਕਿਹਾ ਕਿ ਔਰਤ ਹੋਣਾ ਮਾਣ ਦੀ ਗੱਲ ਹੈl ਕੁਦਰਤ ਨੇ ਔਰਤ ਨੂੰ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਮਾਸਿਕ ਧਰਮ ਇੱਕ ਕੁਦਰਤੀ ਨਿਯਮ ਹੈl ਕੁੜੀਆਂ ਨੂੰ ਇਸ ਤੋਂ ਸ਼ਰਮਾਉਣਾ ਨਹੀਂ ਚਾਹੀਦਾ ਸਗੋਂ ਖੁੱਲ੍ਹ ਕੇ ਇਸ ਬਾਰੇ ਗੱਲ ਕਰਨੀ ਚਾਹੀਦੀ ਹੈl ਉਨ੍ਹਾਂ ਕਿਹਾ ਕੀ ਸਾਡੇ ਸਮਾਜਿਕ ਵਰਤਾਰੇ ਅਤੇ ਸਿੱਖਿਆ ਦੀ ਕਮੀ ਕਾਰਨ ਬੱਚੀਆਂ ਅਤੇ ਔਰਤਾਂ ਮਾਸਿਕ ਧਰਮ ਸਬੰਧੀ ਖੁੱਲ੍ਹ ਕੇ ਗੱਲ ਨਹੀਂ ਕਰਦੀਆਂ ਸਗੋਂ ਉਨ੍ਹਾਂ ਨੂੰ ਮਾਸਿਕ ਧਰਮ ਵਾਲਾ ਸਮਾਂ ਗੁਮਨਾਮੀ ਵਿੱਚ ਜਿਊਣਾ ਪੈਂਦਾ ਹੈl ਉਨ੍ਹਾਂ ਕਿਹਾ ਕਿ ਔਰਤ ਨੂੰ ਆਪਣੇ ਔਰਤ ਹੋਣ ਉੱਤੇ ਮਾਣ ਹੋਣਾ ਚਾਹੀਦਾ ਹੈl ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਸਿਕ ਧਰਮ ਸਮੇਂ ਸੈਨੇਟਰੀ ਨੈਪਕਿਨ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਜੋ ਕਿ ਗਿਆਨ ਦੀ ਕਮੀ ਅਤੇ ਗ਼ਲਤ ਜਾਣਕਾਰੀ ਹੋਣ ਤੇ ਨੈਪਕਿਨ ਦੀ ਵਰਤੋਂ ਨਾ ਕੀਤੇ ਜਾਣ ਤੇ ਕੁੜੀਆਂ ਨੂੰ ਹੋ ਜਾਂਦੀਆਂ ਹਨl