ਰੂਪਨਗਰ: ਪੰਜਾਬ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੂਪਨਗਰ ਦਾ ਦੌਰਾ ਕੀਤਾ। ਉਨ੍ਹਾਂ ਵੱਲੋਂ ਯੂਨਿਟਾਂ ਦੇ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਥਰਮਲ ਪਲਾਂਟ ਦੀਆਂ ਚਾਰੋ ਯੂਨਿਟਾਂ ਚਲਾਉਣ ਦੇ ਆਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੇਕਟਰ ਬਲਦੇਵ ਸਿੰਘ ਸਰਾਂ ਵੀ ਸਨ।
ਥਰਮਲ ਪਲਾਂਟ ਦਾ ਦੌਰਾ ਕਰਦਿਆਂ ਬਿਜਲੀ ਮੰਤਰੀ ਨੇ ਹਰਭਜਨ ਸਿੰਘ ਈ ਟੀ ਓ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਇਸ ਪਲਾਂਟ ਦੀਆਂ ਚਾਰੋਂ ਯੂਨਿਟਾਂ ਨੂੰ ਲਗਾਤਾਰ ਚਲਾਇਆ ਜਾਵੇ ਤਾਂ ਜੋ ਸੂਬੇ ਵਿੱਚ ਬਿਜਲੀ ਦੀ ਸਪਲਾਈ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਦਾ ਚੌਥਾ ਯੂਨਿਟ ਸਲਾਨਾ ਮੇਨਟੈਨਸ ਲਈ ਪਿਛਲੇ 25 ਦਿਨਾਂ ਤੋਂ ਬੰਦ ਸੀ ਜਿਸ ਨੂੰ ਤੁਰੰਤ ਚਾਲੂ ਕੀਤਾ ਜਾਵੇ।
ਮੌਕੇ ‘ਤੇ ਹਾਜਰ ਬਲਦੇਵ ਸਿੰਘ ਨੇ ਕਿਹਾ ਕਿ ਥਰਮਲ ਪਲਾਂਟ ਦਾ ਚੌਥਾ ਯੂਨਿਟ ਅੱਜ ਹੀ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਥਰਮਲ ਪਲਾਂਟ ਵਿਖੇ ਤੀਜਾ ਯੂਨਿਟ 28 ਅਪ੍ਰੈਲ ਨੂੰ ਚਾਲੂ ਕੀਤਾ ਗਿਆ ਜਦ ਕਿ ਚੌਥਾ ਯੂਨਿਟ ਅੱਜ ਹੀ ਚਾਲੂ ਹੋਣ ਨਾਲ ਇਹ ਪਲਾਂਟ ਆਪਣੀ ਪੂਰੀ ਸਮੱਰਥਾ ਦੇ ਨਾਲ ਬਿਜਲੀ ਦੀ ਸਪਲਾਈ ਕਰੇਗਾ। ਉਨ੍ਹਾਂ ਕਿਹਾ ਕਿ ਚੌਥੇ ਯੂਨਿਟ ਦੇ ਚਾਲੂ ਹੋਣ ਨਾਲ 210 ਮੈਗਾਵਾਟ ਬਿਜਲੀ ਦੀ ਪੈਦਾਵਾਰ ਵਿੱਚ ਵਾਧਾ ਹੋ ਜਾਵੇਗਾ ਅਤੇ ਤਲਵੰਡੀ ਸਾਬੋ ਵਿਖੇ ਵੀ 660 ਮੈਗਾਵਾਟ ਬਿਜਲੀ ਦੀ ਪੈਦਾਵਾਰ ਨੂੰ ਵਧਾਇਆ ਗਿਆ ਹੈ।
ਬਿਜਲੀ ਮੰਤਰੀ ਵੱਲੋਂ ਥਰਮਲ ਪਲਾਂਟ ਦੀ ਕੀਤੀ ਗਈ ਸਮੀਖਿਆ, ਚਾਰੋ ਯੂਨਿਟਾਂ ਚਲਾਉਣ ਦੇ ਦਿੱਤੇ ਆਦੇਸ਼
ਬਿਜਲੀ ਮੰਤਰੀ ਵੱਲੋਂ ਥਰਮਲ ਪਲਾਂਟ ਵਿੱਚ ਆਪ ਖੁੱਦ ਨਿੱਜੀ ਤੌਰ ‘ਤੇ ਜਾ ਕੇ ਯੂਨਿਟਾਂ ਦੇ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਕੰਟਰੋਲ ਰੂਮ ਦਾ ਵੀ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਥਰਮਲ ਪਲਾਂਟ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਦ ਕਿ ਕਾਂਗਰਸ ਸਰਕਾਰ ਨੇ ਜਨਵਰੀ 2018 ਵਿੱਚ ਥਰਮਲ ਪਲਾਂਟ ਦੇ 2 ਯੂਨਿਟਾਂ ਨੂੰ ਜੜੋਂ ਖਤਮ ਕਰਵਾ ਦਿੱਤਾ ਅਤੇ ਇਸ ਨੂੰ ਮੁੜ ਚਾਲੂ ਕਰਨ ਲਈ ਕੋਈ ਯਤਨ ਵੀ ਨਹੀਂ ਕੀਤੇ। ਜਿਸ ਨਾਲ ਬਿਜਲੀ ਦੇ ਉਤਪਾਦਨ ਨੂੰ ਫਰਕ ਤਾ ਪਿਆ ਹੈ ਨਾਲ ਹੀ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਵੀ ਆਪਣੀ ਨੌਕਰੀ ਤੋਂ ਹੱਥ ਧੌਣਾ ਪਿਆ।
ਬਿਜਲੀ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਲਈ ਬਿਜਲੀ ਦੀ ਨਿਰਵਿਘਨ ਅਤੇ ਨਿਯਮਤ ਸਪਲਾਈ ਲਈ ਕੇਂਦਰੀ ਬਿਜਲੀ ਮੰਤਰੀ ਆਰ.ਕੇ. ਸਿੰਘ ਨਾਲ ਕੀਤੀ ਮੁਲਾਕਾਤ ਕੀਤੀ ਹੈ। ਉਨ੍ਹਾਂ ਨੂੰ ਝੋਨੇ ਦੇ ਅਗਾਮੀ ਸੀਜ਼ਨ ਦੇ ਮੱਦੇਨਜ਼ਰ ਸੂਬੇ ਲਈ ਬਿਜਲੀ ਦੀ ਲੋੜ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਆਪਣੇ ਪੂਲ ਵਿੱਚੋਂ ਵੀ ਬਿਜਲੀ ਦੇਣ ਦੀ ਅਪੀਲ ਕੀਤੀ ਹੈ ਅਤੇ ਇਸ ਦੇ ਨਾਲ ਹੀ ਕੋਲੇ ਦੀ ਸਪਲਾਈ ਨੂੰ ਨਿਰਵਿਘਨ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ:ਬਿਜਲੀ ਸੰਕਟ: ਕੋਲੇ ਦੀ ਢੋਆ-ਢੁਆਈ 'ਚ ਆਵੇਗੀ ਤੇਜ਼ੀ, ਸਰਕਾਰ ਨੇ 657 ਟਰੇਨਾਂ ਕੀਤੀਆਂ ਰੱਦ