ਸ੍ਰੀ ਅਨੰਦਪੁਰ ਸਾਹਿਬ: ਇੱਕ ਪਾਸੇ ਸਰਕਾਰ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਨਿੱਤ ਦਿਨ ਲੱਗ ਰਹੇ ਧਰਨੇ ਇੰਨਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ 'ਚ ਹੱਕੀ ਮੰਗਾਂ ਲਈ ਬੇਰੁਜ਼ਗਰ ਪੀਟੀਆਈ ਯੂਨੀਅਨ ਵਲੋਂ ਆਪਣਾ ਧਰਨਾ ਪ੍ਰਦਰਸ਼ਨ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਡੀਐਸਪੀ ਵਲੋਂ ਯੂਨੀਅਨ ਆਗੂਆਂ ਨੂੰ ਸਿੱਖਿਆ ਮੰਤਰੀ ਨਾਲ 9 ਅਗਸਤ ਦੀ ਮੀਟਿੰਗ ਦਾ ਸਮਾਂ ਵੀ ਲੈ ਕੇ ਦਿੱਤਾ ਗਿਆ।
ਗੱਡੀਆਂ 'ਚ ਭਰ ਕੇ ਲੈ ਗਈ ਥਾਣੇ:ਇਸ ਦੌਰਾਨ ਜਦੋਂ ਮੀਟਿੰਗ ਦੇ ਸੱਦੇ ਤੋਂ ਬਾਅਦ ਵੀ ਪ੍ਰਦਰਸ਼ਨਕਾਰੀ ਆਪਣੇ ਧਰਨੇ ਤੋਂ ਨਹੀਂ ਉਠੇ ਤਾਂ ਪੁਲਿਸ ਵਲੋਂ ਸਖ਼ਤੀ ਕਰਦਿਆਂ ਜ਼ਬਰਦਸਤੀ ਉਨ੍ਹਾਂ ਨੂੰ ਧਰਨੇ ਤੋਂ ਚੁੱਕਿਆ ਗਿਆ। ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਗੱਡੀਆਂ 'ਚ ਭਰ ਭਰ ਕੇ ਥਾਣੇ ਲੈ ਗਈ। ਇਸ ਦੌਰਾਨ ਅਧਿਆਪਕ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵੀ ਦਿਖਾਈ ਦਿੱਤੇ।
ਪੁਲਿਸ ਨੇ ਕੀਤਾ ਤਸ਼ੱਦਦ: ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦਾ ਕਹਿਣਾ ਕਿ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਧਰਨਾ ਦੇ ਰਹੇ ਅਧਿਆਪਕਾਂ ਨਾਲ ਧੱਕਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਪ੍ਰਦਰਸ਼ਨਕਾਰੀ ਗੱਡੀ 'ਚ ਬੈਠ ਕੇ ਜੇਲ੍ਹਾਂ 'ਚ ਜਾਣ ਨੂੰ ਖੁਦ ਤਿਆਰ ਸੀ ਪਰ ਪੁਲਿਸ ਨੇ ਫਿਰ ਵੀ ਗੱਡੀ 'ਚ ਚੜਦਿਆਂ ਉਨ੍ਹਾਂ ਦੇ ਸਿਰਾਂ 'ਚ ਡਾਂਗਾਂ ਮਾਰੀਆਂ ਹਨ।
ਸਰਕਾਰਾਂ ਬਦਲੀਆਂ ਪਰ ਧਰਨੇ ਉਹੀ:ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਪਿਛਲੀ ਸਰਕਾਰ ਸਮੇਂ ਦੀਆਂ ਉਨ੍ਹਾਂ ਦੀਆਂ 2000 ਭਰਤੀਆਂ ਹਨ, ਜਿਸ ਨੂੰ ਲੈਕੇ ਉਹ ਸਰਕਾਰ ਨਾਲ 50 ਤੋਂ ਵੱਧ ਵਾਰ ਮੀਟਿੰਗ ਕਰ ਚੁੱਕੇ ਹਨ ਪਰ ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ ਸਗੋਂ ਪੁਲਿਸ ਵਲੋਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਬਦਲਾਅ ਲੈਕੇ ਇਹ ਸਰਕਾਰ ਲਿਆਂਦੀ ਸੀ ਤੇ ਇਥੇ ਸਰਕਾਰ ਤਾਂ ਜਿੱਤ ਗਈ ਪਰ ਲੋਕ ਹਾਰ ਗਏ ਹਨ। ਉਨ੍ਹਾਂ ਕਿਹਾ ਕਿ ਜੋ ਧਰਨੇ ਤੇ ਨਾਅਰੇ ਪਿਛਲੀਆਂ ਸਰਕਾਰਾਂ 'ਚ ਲੱਗਦੇ ਸੀ, ਉਹੀ ਹੁਣ ਲਾਉਣੇ ਪੈ ਰਹੇ ਹਨ।
ਪੁਲਿਸ ਨਾਲ ਹੋਈ ਬਹਿਸ: ਇਸ ਦੌਰਾਨ ਵੀਡੀਓ 'ਚ ਇਹ ਵੀ ਦੇਖਿਆ ਜਾ ਸਕਦਾ ਕਿ ਅਨੰਦਪੁਰ ਸਾਹਿਬ ਦੇ ਡੀਐਸਪੀ ਅਜੈ ਸਿੰਘ ਦੀ ਪ੍ਰਦਰਸ਼ਨਕਾਰੀਆਂ ਨਾਲ ਬਹਿਸ ਹੋ ਰਹੀ ਹੈ। ਜਿਸ 'ਚ ਉਹ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਹਨ ਕਿ ਪੁਲਿਸ ਵਾਹਨ ਭੰਨਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਲੈਕੇ ਕਾਰਵਾਈ ਵੀ ਕੀਤੀ ਜਾਵੇਗੀ।