ਰੂਪਨਗਰ :ਇੱਕ ਪਾਸੇ ਪ੍ਰਸ਼ਾਸਨ ਵੱਲੋਂ ਘਰਾਂ ਵਿੱਚ ਖਤਰਨਾਕ ਜਾਨਵਰ ਰੱਖਣ 'ਤੇ ਮਨਾਹੀ ਹੈ ਤਾਂ ਦੂਜੇ ਪਾਸੇ ਲੋਕ ਕਾਨੂੰਨ ਨੂੰ ਛਿੱਕੇ ਟੰਗਦੇ ਹੋਏ ਘਰਾਂ ਵਿੱਚ ਪਾਬੰਦੀਸ਼ੁਦਾ ਜਾਨਵਰਾਂ ਨੂੰ ਰੱਖਣ ਤੋਂ ਬਾਜ਼ ਨਹੀਂ ਆ ਰਹੇ ਤੇ ਆਏ ਦਿਨ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਰੂਪਨਗਰ ਤੋਂ ਜਿੱਥੇ ਗੁਆਂਢੀਆਂ ਵੱਲੋਂ ਰੱਖੇ ਪਿੱਟਬੁਲ ਨੇ ਇੱਕ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ। ਪਾਬੰਦੀਸ਼ੁਦਾ ਪਿੱਟਬੁਲ ਕੁੱਤੇ ਦੇ ਆਤੰਕ ਦਾ ਕਹਿਰ ਦੇਖ ਕੇ ਹਰ ਕੋਈ ਸਹਿਮ ਗਿਆ। ਦਰਅਸਲ ਰੂਪਨਗਰ ਦੇ ਪਿੰਡ ਹਰੀਪੁਰ ਵਿੱਚ ਇੱਕ 9 ਸਾਲਾ ਬੱਚੇ 'ਤੇ ਪਿੱਟਬੁਲ ਨੇ ਹਮਲਾ ਕਰ ਦਿੱਤਾ। ਜਿਸ ਵਿੱਚ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੌਕੇ 'ਤੇ ਪੁਲਿਸ ਚੌਕੀ ਪੁਰਖਾਲੀ ਨੇ ਇਸ ਸਬੰਧੀ ਪਿੱਟਬੁਲ ਕੁਤੇ ਦੀ ਮਾਲਕਣ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਾਤੀ ਅਤੇ ਚਾਕੂ ਦੀ ਮਦਦ ਨਾਲ ਬਚਾਈ ਬੱਚੇ ਦੀ ਜਾਨ : ਮਿਲੀ ਜਾਣਕਾਰੀ ਮੁਤਾਬਿਕ ਬੱਚਾ ਘਰ ਵਿੱਚ ਖੇਡ ਰਿਹਾ ਸੀ ਕਿ ਅਚਾਨਕ ਹੀ ਗੁਆਂਢੀਆਂ ਦਾ ਪਿੱਟਬੁੱਲ ਉਹਨਾਂ ਦੇ ਘਰ ਵਿੱਚ ਵੜ ਗਿਆ ਤੇ ਹਰਸ਼ਦੀਪ ਨਾਮ ਦੇ ਬੱਚੇ ਉੱਪਰ ਹਮਲਾ ਕਰ ਦਿੱਤਾ। ਬੱਚੇ ਨੂੰ ਇਹਨਾਂ ਹਲਾਤਾਂ ਵਿੱਚ ਦੇਖ ਕੇ ਪਰਿਵਾਰ ਅਤੇ ਆਲੇ ਦੁਆਲੇ ਦੇ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਕੁੱਤੇ ਦੀ ਪਕੜ ਇੰਨੀ ਮਜ਼ਬੂਤ ਸੀ ਕਿ ਇਸ ਤੋਂ ਬੱਚੇ ਨੂੰ ਛੁਡਵਾਉਣ ਲਈ ਚਾਕੂ ਅਤੇ ਦਾਤੀ ਦਾ ਸਹਾਰਾ ਲੈਣਾ ਪਿਆ ਤੇ ਇਸ ਦੌਰਾਨ ਬੱਚੇ ਦੇ ਵਾਲ ਤੱਕ ਕੱਟਣੇ ਪਏ। ਪਰ ਉਸ ਕੁੱਤੇ ਨੇ ਬੱਚੇ ਨੂੰ ਨਹੀਂ ਛੱਡਿਆ ਅਤੇ ਪਕੜ ਹੋਰ ਮਜਬੂਤ ਕਰ ਲਈ, ਜਿਸ ਦੌਰਾਨ ਬੱਚਾ ਹੋਰ ਵੀ ਗੰਭੀਰ ਜ਼ਖਮੀ ਹੋ ਗਿਆ।