ਰੂਪਨਗਰ : ਬੇਸ਼ੱਕ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਨੂੰ ਖੋਖਲੇ ਕਰਦੀ ਜ਼ਮੀਨੀ ਹਕੀਕਤ ਰੂਪਨਗਰ ਤੋਂ ਸਾਹਮਣੇ ਆਈ ਹੈ। ਸ਼ਹਿਰ ਦੇ ਮੇਨ ਬਜ਼ਾਰ ਵਿੱਚ ਪਾਣੀ ਦੇ ਮਾੜੇ ਨਿਕਾਸ ਕਾਰਨ ਲੰਘਣ ਵਾਲੇ ਲੋਕਾਂ ਦਾ ਬਦਬੂ ਨਾਲ ਬੁਰਾ ਹਾਲ ਹੋ ਜਾਂਦਾ ਹੈ।
ਰੂਪਨਗਰ ਦੇ ਮੇਨ ਬਾਜ਼ਾਰ ਵਿੱਚ ਰੋਜ਼ਾਨਾ ਸੀਵਰੇਜ ਬਲਾਕ ਰਹਿੰਦਾ ਹੈ ਅਤੇ ਬਲਾਕ ਹੋਣ ਤੋਂ ਬਾਅਦ ਇਹ ਸੀਵਰੇਜ ਦਾ ਗੰਦਾ ਪਾਣੀ ਪੂਰੇ ਬਜ਼ਾਰ ਵਿੱਚ ਫੈਲ ਜਾਂਦਾ ਹੈ। ਇਸ ਬਦਬੂਦਾਰ ਗੰਦੇ ਪਾਣੀ ਵਿੱਚ ਲੋਕਾਂ ਦਾ ਗੁਜ਼ਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਗੰਦੇ ਪਾਣੀ ਤੋਂ ਬਾਜ਼ਾਰ ਦੇ ਦੁਕਾਨਦਾਰ ਵੀ ਡਾਢੇ ਪ੍ਰੇਸ਼ਾਨ ਹਨ।
ਕੁੱਝ ਬੱਚਿਆਂ ਵਾਲੇ ਆਪਣੇ ਬੱਚਿਆਂ ਨੂੰ ਮੋਢਿਆਂ 'ਤੇ ਚੁੱਕ ਕੇ ਇਸ ਗੰਦੇ ਪਾਣੀ ਵਿੱਚੋਂ ਨਿਕਲਦੇ ਹਨ। ਅਜਿਹੇ ਇੱਕ ਸ਼ਹਿਰ ਵਾਸੀ ਨੇ ਗੱਲਬਾਤ ਕਰਦੇ ਕਿਹਾ ਕਿ ਬਰਸਾਤ ਦੇ ਸੀਜ਼ਨ ਤੋਂ ਬਿਨਾਂ ਵੀ ਸੀਵਰੇਜ ਬਲਾਕ ਹੋ ਗਿਆ ਹੈ ਅਤੇ ਜਦੋਂ ਵੀ ਉਹ ਇੱਥੋਂ ਲੰਘਦੇ ਹਨ ਤਾਂ ਇੱਥੇ ਹਮੇਸ਼ਾ ਸੀਵਰੇਜ ਬਲਾਕ ਹੀ ਰਹਿੰਦਾ ਹੈ। ਸਵੱਛ ਭਾਰਤ ਦੇ ਸਵਾਲ 'ਤੇ ਉਨ੍ਹਾਂ ਵਿਅੰਗ ਕੱਸਦੇ ਕਿਹਾ ਕਿ ਜਿੱਥੇ ਸਵੱਛ ਹੈ ਉੱਥੇ ਭਾਰਤ ਨਹੀਂ ਜਿੱਥੇ ਭਾਰਤ ਹੈ ਉੱਥੇ ਸਵੱਛ ਨਹੀਂ।
ਕਹਿਣ ਨੂੰ ਸ਼ਹਿਰ ਦਾ ਨਾਮ ਰੂਪਨਗਰ ਹੈ ਪਰ ਜੋ ਸ਼ਹਿਰ ਦੇ ਸਫ਼ਾਈ ਅਤੇ ਗੰਦਗੀ ਨਾਲ ਹਾਲਾਤ ਹਨ, ਸ਼ਹਿਰ ਦਾ ਨਾਂ ਰੂਪਨਗਰ ਨਹੀਂ ਰੋਪੜ ਬਣ ਚੁੱਕਿਆ ਹੈ। ਸਥਾਨਕ ਨਗਰ ਕੌਂਸਲ ਮੇਨ ਬਾਜਾਰ ਵਿੱਚ ਉਕਤ ਜਗ੍ਹਾ 'ਤੇ ਸੀਵਰੇਜ ਨੂੰ ਦਰੁਸਤ ਕਰਨ ਵਾਸਤੇ ਪਿਛਲੇ ਕਈ ਸਾਲਾਂ ਤੋਂ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ। ਜਿਸ ਕਾਰਨ ਰੋਜ਼ਾਨਾ ਹੀ ਇੱਥੋਂ ਗੁਜ਼ਰਨ ਵਾਲੇ ਆਮ ਲੋਕਾਂ ਨੂੰ ਅਤੇ ਦੁਕਾਨਦਾਰਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਕਾਰਨ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।