ਰੂਪਨਗਰ: ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਮੇਤ ਕਈ ਵੱਡੇ ਅਧਿਕਾਰੀ ਕੋਰੋਨਾ ਪੀੜਤ ਹਨ। ਸਿਹਤ ਮਹਿਕਮਾ ਜ਼ਿਲ੍ਹੇ ਦੇ ਵਿੱਚ ਮਾਸਕ ਪਾਉਣ ਤੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਜਨਤਾ ਨੂੰ ਅਪੀਲ ਵੀ ਕਰ ਰਹੀ ਹੈ ਪਰ ਗਰਾਊਂਡ ਜ਼ੀਰੋ 'ਤੇ ਇਸ ਦੀ ਤਸਵੀਰ ਬਿਲਕੁਲ ਉਲਟ ਹੈ।
ਸੂਬੇ ਦੇ ਅੰਦਰ ਕੋਰੋਨਾ ਦੀ ਮਹਾਂਮਾਰੀ ਦਾ ਕਹਿਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਪੰਜਾਬ ਦੇ ਕਈ ਉੱਚ ਅਧਿਕਾਰੀ ਕੋਰੋਨਾ ਪੀੜਤ ਹੋ ਚੁੱਕੇ ਹਨ। ਪਿਛਲੇ ਦਿਨਾਂ ਵਿੱਚ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਉਨ੍ਹਾਂ ਦਾ ਪਰਿਵਾਰ, ਜ਼ਿਲ੍ਹੇ ਦੇ ਐਸਡੀਐਮ ਅਤੇ ਕਈ ਹੋਰ ਉੱਚ ਅਧਿਕਾਰੀ ਵੀ ਕੋਰੋਨਾ ਪੀੜਤ ਹੋ ਚੁੱਕੇ ਹਨ।
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਖ਼ਤੀ ਦੇ ਨਾਲ ਸਿਹਤ ਮਹਿਕਮੇ ਵੱਲੋਂ ਜਾਰੀ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਆਖੀ ਗਈ ਹੈ। ਤੁਸੀਂ ਚਾਹੇ ਦਫ਼ਤਰ ਦੇ ਵਿੱਚ ਬੈਠੇ ਹੋਵੋ, ਦੁਕਾਨ ਦੇ ਵਿੱਚ ਬੈਠੇ ਹੋਵੋ ਜਾਂ ਭੀੜ ਭਾੜ ਦੇ ਵਿੱਚ ਹੋਵੋ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ, ਪੰਜ ਤੋਂ ਵੱਧ ਬੰਦਿਆਂ ਦੀ ਭੀੜ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਹੋਰ ਵੀ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਰੂਪਨਗਰ ਸ਼ਹਿਰ ਦੇ ਵਿੱਚ ਇਨ੍ਹਾਂ ਸਾਰੇ ਕਾਨੂੰਨਾਂ ਨੂੰ ਲੋਕ ਟਿੱਚ ਜਾਣਦੇ ਹਨ। ਈਟੀਵੀ ਭਾਰਤ ਦੀ ਰੂਪਨਗਰ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ। ਕੀਤਾ ਸਭ ਤੋਂ ਪਹਿਲਾਂ ਸਬਜ਼ੀ ਮੰਡੀ ਦੇ ਵਿੱਚ ਫਲ ਅਤੇ ਸਬਜ਼ੀ ਵੇਚਣ ਵਾਲੇ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ।