ਰੋਪੜ: ਦਰਪਣ ਇਨਕਲੇਵ ਮੋਰਿੰਡਾ ਵਿਖੇ ਬਿਜਲੀ ਨਾ ਮਿਲਣ ਕਾਰਨ ਕਾਲੋਨੀ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੰਚਾਲਕ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉੱਤੇ ਛੋਟੇ-ਛੋਟੇ ਬੱਚਿਆਂ ਸਮੇਤ ਰੋਸ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਦੱਸਿਆ ਕਿ ਬੀਤੀ ਰਾਤ ਤੋਂ ਕਾਲੋਨੀ ਵਿੱਚ ਬਿਜਲੀ ਨਾ ਹੋਣ ਕਾਰਨ ਉਹਨਾਂ ਦੇ ਘਰਾਂ ਵਿੱਚ ਪਾਣੀ ਵੀ ਨਹੀਂ ਜਾ ਰਿਹਾ। ਬੀਤੀ ਰਾਤ ਤੋਂ ਹੀ ਉਹ ਛੋਟੇ-ਛੋਟੇ ਬੱਚਿਆਂ ਸਮੇਤ ਸੜਕਾਂ ਉੱਤੇ ਘੁੰਮ ਕੇ ਗੁਜ਼ਾਰਾ ਕਰ ਰਹੇ ਹਨ।
ਬਿਜਲੀ ਨਾ ਆਉਣ ਤੋਂ ਪ੍ਰੇਸ਼ਾਨ ਲੋਕਾਂ ਦੇ ਸਬਰ ਦਾ ਟੁੱਟਿਆ ਬੰਨ੍ਹ, ਸੜਕ 'ਤੇ ਉਤਰ ਲਾਇਆ ਧਰਨਾ - ਡੀਐਸਪੀ ਮੋਰਿੰਡਾ ਅਨਿਲ ਕੁਮਾਰ ਬਾਂਸਲ
ਰੂਪਨਗਰ ਦੇ ਅਧੀਨ ਪੈਂਦੇ ਬਲਾਕ ਮੋਰਿੰਡਾ ਦੀ ਦਰਪਣ ਇਨਕਲੇਵ ਕਾਲੋਨੀ ਦੇ ਲੋਕਾਂ ਨੇ ਬਿਜਲੀ ਨਾ ਆਉਣ ਤੋਂ ਪਰੇਸ਼ਾਨ ਹੋਕੇ ਕਾਲੋਨੀ ਸੰਚਾਲਕ ਦੇ ਖ਼ਿਲਾਫ਼ ਧਰਨਾ ਲਗਾ ਦਿੱਤਾ। ਲੋਕਾਂ ਦਾ ਇਲਜ਼ਾਮ ਹੈ ਕਿ ਪਿਛਲੇ ਦੋ ਦਿਨਾਂ ਤੋਂ ਬਿਜਲੀ ਨਹੀਂ ਆਈ। ਦੂਜੇ ਪਾਸੇ ਮੌਕੇ ਉੱਤੇ ਪਹੁੰਚੇ ਬਿਜਲੀ ਵਿਭਾਗ ਦੇ ਜੇਈ ਅਤੇ ਪੁਲਿਸ ਨੇ ਲੋਕਾਂ ਨੂੰ ਸਮਝਾ ਕੇ ਧਰਨਾ ਚੁਕਵਾ ਦਿੱਤਾ।
![ਬਿਜਲੀ ਨਾ ਆਉਣ ਤੋਂ ਪ੍ਰੇਸ਼ਾਨ ਲੋਕਾਂ ਦੇ ਸਬਰ ਦਾ ਟੁੱਟਿਆ ਬੰਨ੍ਹ, ਸੜਕ 'ਤੇ ਉਤਰ ਲਾਇਆ ਧਰਨਾ People upset due to lack of electricity in Ropar](https://etvbharatimages.akamaized.net/etvbharat/prod-images/03-07-2023/1200-675-18905596-898-18905596-1688392621280.jpg)
ਲੋਕਾਂ ਨੇ ਲਾਏ ਗੰਭੀਰ ਇਲਜ਼ਾਮ: ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦਰਪਣ ਕਾਲੋਨੀ ਵਿੱਚ ਸਿਰਫ ਇੱਕ ਟਰਾਂਸਫਾਰਮਰ ਹੈ ਜੋ ਸੈਂਕੜੇ ਘਰਾਂ ਨੂੰ ਬਿਜਲੀ ਸਪਲਾਈ ਦੇਣ ਦੇ ਸਮਰੱਥ ਨਹੀਂ। ਉਨ੍ਹਾਂ ਇਲਜ਼ਾਮ ਲਗਾਏ ਗਏ ਦਰਪਣ ਕਾਲੋਨੀ ਦੇ ਸੰਚਾਲਕ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਜਦੋਂ ਉਹ ਦਰਪਣ ਕਾਲੋਨੀ ਦੇ ਸੰਚਾਲਕ ਕੋਲ ਜਾਂਦੇ ਹਨ ਤਾਂ ਉਹ ਕਹਿੰਦਾ ਹੈ ਕਿ ਇਹ ਬਿਜਲੀ ਵਿਭਾਗ ਦਾ ਕੰਮ ਹੈ ਅਤੇ ਜਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਕੋਲ ਜਾਂਦੇ ਹਨ ਤਾਂ ਉਹ ਕਹਿੰਦੇ ਹਨ ਕੇ ਇਹ ਸਮੱਸਿਆ ਦਰਪਣ ਕਾਲੋਨੀ ਦੀ ਨਿੱਜੀ ਸਮੱਸਿਆ ਹੈ। ਇਸ ਮੌਕੇ ਉੱਤੇ ਕਈ ਲੋਕਾਂ ਨੇ ਕਿਹਾ ਕਿ ਦਰਪਣ ਕਲੋਨੀ ਦੇ ਪਿੱਛੇ ਇਕ ਹੋਰ ਕਾਲੋਨੀ ਬਣੀ ਹੈ ਅਤੇ ਉਸ ਕਾਲੋਨੀ ਨੂੰ ਬਲੈਕ ਵਿੱਚ ਉਨ੍ਹਾਂ ਦੇ ਹਿੱਸੇ ਦੀ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਇਹ ਵੀ ਕਿਹਾ ਕਿ ਉਹ ਕਾਲੋਨੀ ਵੀ ਗੈਰ-ਕਾਨੂੰਨੀ ਰੂਪ ਵਿੱਚ ਬਣੀ ਹੈ।ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਹਾਈਵੇ ਜਾਮ ਕਰਨਗੇ।
- ਮੁੱਖ ਮੰਤਰੀ ਨੇ ਸ਼ਹੀਦ ਅਤੇ ਵੱਖ-ਵੱਖ ਹਾਦਸਿਆਂ 'ਚ ਜਾਨ ਗਵਾਉਣ ਵਾਲੇ ਪੁਲਿਸ ਕਰਮਚਾਰੀਆਂ ਦੇ ਵਾਰਿਸਾਂ ਨੂੰ ਵੰਡੇ 2 ਕਰੋੜ ਰੁਪਏ ਦੇ ਚੈੱਕ
- 10 ਅਗਸਤ ਤੋਂ ਪਹਿਲਾਂ ਕਰਵਾਈ ਜਾਵੇ ਕੌਮੀ ਪੱਧਰ ਦੀ ਕੁਸ਼ਤੀ ਚੈਪੀਅਨਸ਼ਿਪ, ਮਸ਼ਹੂਰ ਸਾਬਕਾ ਭਲਵਾਨ ਨੇ ਸਰਕਾਰ ਨੂੰ ਕੀਤੀ ਵੱਡੀ ਮੰਗ
- ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਨੇ ਗੈਂਗਸਟਰ ਮਨਿੰਦਰ ਘੋੜਾ ਅਤੇ ਉਸ ਦਾ ਸਾਥੀ ਕੀਤਾ ਗ੍ਰਿਫ਼ਤਾਰ, ਗੈਂਗਸਟਰ ਹਨ ਲਾਰੈਂਸ ਗਰੁੱਪ ਦੇ ਗੁਰਗੇ
ਭਰੋਸੇ ਤੋਂ ਬਾਅਦ ਚੁੱਕਿਆ ਧਰਨਾ: ਮੌਕੇ 'ਤੇ ਪਹੁੰਚੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਦਰਪਣ ਕਾਲੋਨੀ ਨੂੰ ਬਿਜਲੀ ਟਰਾਂਸਫਾਰਮਰ ਰਾਹੀਂ ਕਾਲੋਨੀ ਦੇ ਸੰਚਾਲਕ ਵੱਲੋਂ ਹੀ ਮੁਹੱਈਆ ਕਰਵਾਈ ਜਾ ਰਹੀ ਸੀ, ਇਸ ਲਈ ਉਨ੍ਹਾਂ ਨੂੰ ਇਸ ਮਾਮਲੇ ਬਰੇ ਜਾਣਕਾਰੀ ਨਹੀਂ ਸੀ। ਉਨ੍ਹਾਂ ਭਰੋਸਾ ਦਿਵਾਇਆ ਕਿ ਬਿਜਲੀ ਸਮੱਸਿਆ ਦੇ ਹੱਲ ਲਈ ਜਲਦੀ ਹੀ ਨਵਾਂ ਟਰਾਂਸਫਾਰਮਰ ਕਾਲੋਨੀ ਵਿੱਚ ਲਗਾਇਆ ਜਾਵੇਗਾ। ਦੂਜੇ ਪਾਸੇ ਸੜਕ ਜਾਮ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਮੋਰਿੰਡਾ ਅਨਿਲ ਕੁਮਾਰ ਬਾਂਸਲ ਵੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਵੱਲੋਂ ਧਰਨਾਕਾਰੀਆਂ ਨੂੰ ਸਮਝਾਉਣ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਬਿਜਲੀ ਸਪਲਾਈ ਜਲਦੀ ਚਾਲੂ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕਿਆ।