'ਘਿਉ-ਚੀਨੀ ਤਾਂ ਕੀ ਦੇਣੀ, ਆਟਾ ਦਾਲ ਵੀ ਕੀਤੀ ਬੰਦ'
ਨੀਲੇ ਕਾਰਡਾਂ ਨੂੰ ਸਮਾਰਟ ਕਾਰਡ 'ਚ ਬਦਲਣ ਦੇ ਫੈਸਲਾ ਦਾ ਲਾਭਪਾਤਰੀ ਵਿਰੋਧ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰ ਰਹੀ ਹੈ ਤੇ ਗਰੀਬ ਪਰਿਵਾਰਾਂ ਤੋਂ ਉਨ੍ਹਾਂ ਦਾ ਹੱਕ ਖੋਹ ਰਹੀ ਹੈ।
ਰੋਪੜ: ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡਾਂ ਨੂੰ ਰਾਸ਼ਨ ਸਮਾਰਟ ਕਾਰਡ 'ਚ ਤਬਦੀਲ ਕਰਨ ਦਾ ਫੈਸਲਾ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ, ਕਿਉਂਕਿ ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਦੋ ਵਕਤ ਦੀ ਰੋਟੀ 'ਤੇ ਪੈਣ ਵਾਲਾ ਹੈ। ਆਟਾ ਦਾਲ ਸਕੀਮ ਅਨੁਸਾਰ ਲੋਕਾਂ ਨੂੰ ਜੂਨ ਮਹੀਨੇ 'ਚ ਰਾਸ਼ਨ ਮਿਲਣਾ ਸੀ ਜੋ ਹਾਲੇ ਤੱਕ ਨਹੀਂ ਮਿਲਿਆ ਹੈ ਤਾਂ ਨਾ ਹੀ ਅੱਗੇ ਜਲਦੀ ਮਿਲਣ ਦੀ ਉਮੀਦ ਨਜ਼ਰ ਆ ਰਹੀ ਹੈ।
ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਸਤੰਬਰ ਮਹੀਨੇ ਤੱਕ ਲਾਭਪਾਤਰੀਆਂ ਦੀ ਦੋਬਾਰਾ ਜਾਂਚ ਤੋਂ ਬਾਅਦ ਨੀਲੇ ਕਾਰਡਾਂ ਨੂੰ ਸਮਾਰਟ ਰਾਸ਼ਨ ਕਾਰਡਾਂ 'ਚ ਬਦਲ ਦਿੱਤਾ ਜਾਵੇਗਾ। ਇਸ ਲਈ ਸਤੰਬਰ ਤੋਂ ਪਹਿਲਾਂ ਰਾਸ਼ਨ ਮਿਲਣ ਦੀ ਕੋਈ ਸੰਭਾਵਨਾ ਹੈ।
ਬੇਸ਼ੱਕ ਸਰਕਾਰ ਦਾ ਤਰਕ ਕੁੱਝ ਵੀ ਹੋਵੇ ਪਰ ਲੋਕ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਰੋਪੜ 'ਚ ਰਹਿੰਦੇ ਲਾਭਪਾਤਰੀਆਂ ਨੇ ਸਰਕਾਰ ਨੂੰ ਵਾਅਦਾ ਯਾਦ ਕਰਵਾਉਂਦਿਆ ਕਿਹਾ ਕਿ ਕਾਂਗਰਸ ਨੇ ਘਿਉ-ਚੀਨੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਤਾਂ ਆਟਾ ਦਾਲ ਵੀ ਬੰਦ ਕਰ ਰਹੇ ਹਨ।