ਰੂਪਨਗਰ : ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਅੰਕੜੇ ਵੱਧ ਰਹੇ ਹਨ। ਜਿਥੇ ਇੱਕ ਪਾਸੇ ਸੂਬੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧੀ ਹੈ, ਉਥੇ ਹੀ ਦੂਜੇ ਪਾਸੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕੋਰੋਨਾ ਮਹਾਂਮਾਰੀ ਸਬੰਧੀ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਬਾਰੇ ਸਿਵਲ ਹਸਪਤਾਲ ਰੂਪਨਗਰ ਦੇ ਡਾ. ਬਲਦੇਵ ਸਿੰਘ ਨੇ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਬਚਣ ਤੇ ਸਹੀ ਸਮੇਂ ਤੇ ਕੋਵਿਡ-19 ਦਾ ਟੈਸਟ ਤੇ ਇਲਾਜ ਸਬੰਧੀ ਜਾਗਰੂਕ ਕੀਤਾ।
ਇਸ ਬਾਰੇ ਡਾ. ਬਲਦੇਵ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਡਾਕਟਰੀ ਹਦਾਇਤਾਂ ਦੀ ਪਾਲਣਾ ਕਰਨਾ ਬੇਹਦ ਜ਼ਰੂਰੀ ਹੈ। ਇਸ ਤੋਂ ਇਲਾਵਾ ਇਸ ਮਹਾਂਮਾਰੀ ਸਬੰਧੀ ਸੋਸ਼ਲ ਮੀਡੀਆ 'ਤੇ ਫੈਲ ਰਹੀ ਅਫਵਾਹਾਂ ਤੋਂ ਬੱਚਣਾ ਵੀ ਬੇਹਦ ਜ਼ਰੂਰੀ ਹੈ।
ਡਾ. ਬਲਦੇਵ ਨੇ ਦੱਸਿਆ ਕਿ ਸਿਵਲ ਹਸਪਤਾਲ ਰੂਪਨਗਰ 'ਚ ਸ੍ਰੀ ਅਨੰਦਪੁਰ ਸਾਹਿਬ, ਨੰਗਲ, ਨੂਰਪੁਰ ਬੇਦੀ, ਭਰਤਗੜ੍ਹ,ਚਮਕੌਰ ਸਾਹਿਬ ,ਮੋਰਿੰਡਾ ਤੇ ਸਿਵਲ ਹਸਪਤਾਲ ਰੂਪਨਗਰ ਸਣੇ ਕੁੱਲ 8 ਕੋਰੋਨਾ ਕੇਅਰ ਸੈਂਟਰ ਬਣਾਏ ਗਏ ਹਨ। ਇਨ੍ਹਾਂ ਕੋਰੋਨਾ ਕੇਅਰ ਸੈਂਟਰ 'ਚ ਮਰੀਜ਼ਾਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸਿਹਤ ਸੁਵਿਧਾਵਾਂ ਉਪਲਬਧ ਕਰਵਾਇਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਹਸਪਤਾਲ ਤੇ ਕੋਵਿਡ ਕੇਅਰ ਸੈਂਟਰਾਂ ਵਿੱਚ ਸਿਹਤ ਵਿਭਾਗ ਦੀ ਟੀਮ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ।
ਅਫਵਾਹਾਂ ਤੋਂ ਸੁਚੇਤ ਰਹਿਣ ਲੋਕ
ਡਾ. ਬਲਦੇਵ ਨੇ ਕਿਹਾ ਕਿ ਜਿਥੇ ਇੱਕ ਪਾਸੇ ਸਿਹਤ ਵਿਭਾਗ ਦੀ ਟੀਮ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ, ਉਥੇ ਹੀ ਮਹਾਂਮਾਰੀ ਦੇ ਦੌਰ 'ਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਸਬੰਧੀ ਗ਼ਲਤ ਅਫਵਾਹਾ ਫੈਲਾ ਰਹੇ ਹਨ। ਅਜਿਹਾ ਕਰਨਾ ਕਾਨੂੰਨੀ ਉਲੰਘਣਾ ਹੈ। ਉਨ੍ਹਾਂ ਲੋਕਾਂ ਕੋਰੋਨਾ ਮਰੀਜ਼ਾਂ ਦੇ ਅੰਗ ਕੱਢਣਾ, ਸਹੀ ਇਲਾਜ ਨਾ ਮਿਲਣ ਤੇ ਸਹੀ ਖਾਣਾ ਆਦਿ ਨਾ ਮਿਲਣ ਦੀਆਂ ਅਫਵਾਹਾਂ ਨੂੰ ਮੁੱਢ ਤੋਂ ਨਕਾਰ ਦਿੱਤਾ। ਉਨ੍ਹਾਂ ਆਖਿਆ ਕਿ ਰੂਪਨਗਰ ਦੇ ਕੋਵਿਡ ਕੇਅਰ ਸੈਂਟਰਾਂ 'ਚ ਮਰੀਜ਼ਾਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ ਤੇ ਕਈ ਮਰੀਜ਼ ਉਨ੍ਹਾਂ ਦੀਆਂ ਸੇਵਾਵਾਂ ਤੋਂ ਬੇਹਦ ਖੁਸ਼ ਹਨ। ਹੁਣ ਤੱਕ ਕਈ ਮਰੀਜ਼ ਕੋਰੋਨਾ ਦੀ ਜੰਗ ਜਿੱਤਣ ਮਗਰੋਂ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਨ੍ਹਾਂ ਸ਼ਹਿਰਵਾਸੀਆਂ ਨੂੰ ਅਜਿਹੀ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਅਫਵਾਹਾਂ ਦਾ ਗਲਤ ਅਸਰ
ਡਾ.ਬਲਦੇਵ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਗ਼ਲਤ ਅਫਵਾਹਾਂ ਫੈਲਣ ਦੇ ਕਾਰਨ ਲੋਕ ਕੋਰੋਨਾ ਵਾਇਰਸ ਨੂੰ ਲੈ ਕੇ ਅਣਗਿਹਲੀ ਵਰਤ ਰਹੇ ਹਨ। ਲੋਕ ਕੋਰੋਨਾ ਟੈਸਟ ਕਰਵਾਉਣ ਤੋਂ ਡਰਦੇ ਹਨ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿ ਕੇ ਕੋਰੋਨਾ ਵਾਇਰਸ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਮਰੀਜ਼ ਕੋਰੋਨਾ ਦਾ ਇਲਾਜ ਕਰਵਾਉਣ ਤਾਂ ਲੱਖਾਂ ਜਾਨਾਂ ਬਚਾਇਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਫਵਾਹਾਂ ਦੇ ਚਲਦੇ ਕੋਰੋਨਾ ਮਰੀਜ਼ ਹਸਪਤਾਲ ਨਹੀਂ ਆ ਰਹੇ ਤੇ ਇਲਾਜ 'ਚ ਦੇਰੀ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਸਮੇਂ ਰਹਿੰਦੇ ਕੋਵਿਡ-19 ਦਾ ਟੈਸਟ ਕਰਵਾਉਣ ਤੇ ਇਲਾਜ ਕਰਵਾਉਣ ਲਈ ਜਾਗਰੂਕ ਕੀਤਾ।