ਰੋਪੜ: ਦੇਸ਼ ਭਰ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 150ਵੀਂ ਜੈਯੰਤੀ ਮਨਾਈ ਜਾ ਰਹੀ ਹੈ। ਇਸ ਮੌਕੇ ਰੂਪਨਗਰ ਵਿੱਚ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ਾਂਤੀ ਮਾਰਚ ਕੱਢਿਆ ਗਿਆ ਜਿਸ ਨੂੰ ਉਨ੍ਹਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਤੋਂ ਬਾਅਦ ਸਰਕਾਰੀ ਕਾਲਜ ਰੂਪਨਗਰ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਉੱਤੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਲਗਭਗ 400 ਵਿਦਿਆਰਥੀਆਂ ਅਤੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਵੱਲੋਂ ਸਰਕਾਰੀ ਕਾਲਜ ਰੂਪਨਗਰ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਬੜਾ ਅਹਿਮ ਯੋਗਦਾਨ ਹੈ। ਗਾਂਧੀ ਜੀ ਦੀਆਂ ਸਿੱਖਿਆਵਾਂ ਉੱਤੇ ਚੱਲ ਕੇ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਗਾਂਧੀ ਜੀ ਦੇ ਸ਼ਾਂਤੀ ਅਤੇ ਅਹਿੰਸਾ ਦੇ ਸਿਧਾਂਤ ਉੱਤੇ ਚੱਲਣ ਲਈ ਵੀ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਸਭ ਨੂੰ ਪਲਾਸਟਿਕ ਰਹਿਤ ਚੀਜ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੀ ਸ਼ੁਰੂਆਤ ਹਰ ਕਿਸੇ ਨੂੰ ਆਪਣੇ ਘਰੋਂ ਹੀ ਕਰਨੀ ਚਾਹੀਦੀ ਹੈ ਅਤੇ ਪਲਾਸਟਿਕ ਦੀਆ ਚੀਜ਼ਾਂ ਨਾ ਵਰਤਣ ਸਬੰਧੀ ਪ੍ਰਣ ਲੈਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇਸ ਦਿਹਾੜੇ ਉੱਤੇ ਹਰੇਕ ਵਿਅਕਤੀ ਵੱਲੋਂ ਪ੍ਰਣ ਕੀਤਾ ਜਾਵੇ ਕਿ ਉਹ ਪੋਲੀਥੀਨ ਦੀ ਵਰਤੋਂ ਨਹੀਂ ਕਰੇਗਾ, ਤਾਂ ਜੋ ਮਹਾਤਮਾ ਗਾਂਧੀ ਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇ।