ਚੰਡੀਗੜ੍ਹ: ਸੂਬੇ ਵਿੱਚ ਬੁਨਿਆਦੀ ਢਾਂਚਾ ਫੀਸ ਦੀ ਵਸੂਲੀ ਰਾਹੀਂ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਗਤੀ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਮੰਤਰੀ ਮੰਡਲ ਨੇ ਪੰਜਾਬ ਬੁਨਿਆਦੀ ਢਾਂਚਾ (ਵਿਕਾਸ ਤੇ ਵਿਨਿਯਮ) ਸੋਧ ਬਿੱਲ-2021 ਨੂੰ ਵਿਧਾਨ ਸਭਾ ਦੇ ਚੱਲ ਰਹੇ ਬਜਟ ਇਜਲਾਸ ਵਿੱਚ ਲਿਆਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਵਿਸ਼ੇਸ਼ ਬੁਨਿਆਦੀ ਢਾਂਚਾ ਫੀਸ ਲਾਗੂ ਕਰਨ ਲਈ ਮੌਜੂਦਾ ਤਜਵੀਜ਼ਾਂ ਵਿੱਚ ਸੋਧ ਕਰਦੇ ਹੋਏ ਇਕ ਨਵੀਂ ਧਾਰਾ 25-ਏ ਵਿਸ਼ੇਸ਼ ਫੀਸ ਦੀ ਵਸੂਲੀ ਸਬੰਧੀ ਜੋੜੀ ਜਾਵੇਗੀ, ਜੋ ਕਿ ਇਹ ਦਰਸਾਏਗੀ ਕਿ “ਇਸ ਐਕਟ ਵਿੱਚ ਸ਼ਾਮਲ ਕਿਸੇ ਵੀ ਮੱਦ ਦੇ ਬਾਵਜੂਦ, ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਆਈ.ਡੀ. ਫੀਸ ਲਾਗੂ ਕੀਤੀ ਜਾ ਸਕਦੀ ਹੈ ਜਿਸ ਲਈ ਇਕ ਵਿਸ਼ੇਸ਼ ਹੈੱਡ ਦੀ ਸਿਰਜਣਾ ਕੀਤੀ ਜਾਵੇਗੀ। ਇਸ ਤਹਿਤ ਇਹ ਵਿਸ਼ੇਸ਼ ਆਈ.ਡੀ. ਫੀਸ ਇਕੱਠੀ ਕੀਤੀ ਜਾਵੇਗੀ ਅਤੇ ਧਾਰਾ 27 (1) ਦੀਆਂ ਤਜਵੀਜ਼ਾਂ ਤਹਿਤ ਕਾਇਮ ਕੀਤੇ ਵਿਕਾਸ ਫੰਡ ਵਿੱਚ ਜਮ੍ਹਾਂ ਕਰਵਾਈ ਜਾਵੇਗੀ।”