ਰੂਪਨਗਰ: ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ ਸੀ ਜਿਸਨੂੰ ਲੈਕੇ ਵਿਰੋਧੀ ਧਿਰ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਨੂੰ ਮੁੱਦਾ ਬਣਾ ਕੇ ਕੈਪਟਨ ਸਰਕਾਰ ਨੂੰ ਘੇਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ। ਪਰ ਹੁਣ ਕੈਪਟਨ ਵੱਲੋਂ ਕੀਤਾ ਉਹ ਵਾਅਦਾ ਪੂਰਾ ਹੋਣ ਜਾ ਰਿਹਾ ਹੈ। 12 ਅਗਸਤ ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਰਸਮੀ ਤੌਰ 'ਤੇ ਵੰਡੇ ਜਾਣਗੇ।
ਰੂਪਨਗਰ ਦੇ ਵਿੱਚ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜ ਕੁਮਾਰ ਖੋਸਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਮਾਰਟਫੋਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵੰਡੇ ਜਾਣਗੇ। ਇਹ ਸਮਾਰਟਫੋਨ ਬਿਨਾਂ ਕੋਈ ਭੇਦ ਭਾਵ ਕਰ ਲੜਕੇ ਲੜਕੀਆਂ ਦੋਨਾਂ ਨੂੰ ਵੰਡੇ ਜਾਣਗੇ।
ਇਸ ਦਾ ਐਲਾਨ ਪਹਿਲਾਂ ਵੀ ਕਈ ਵਾਰ ਭਾਵੇਂ ਕੀਤਾ ਗਿਆ ਸੀ ਪਰ ਕੁੱਝ ਰੁਕਾਵਟਾਂ ਕਾਰਨ ਇਨ੍ਹਾਂ ਵਿੱਚ ਦੇਰੀ ਹੁੰਦੀ ਗਈ। ਪਿਛਲੇ ਦਿਨੀਂ ਆਸਕ ਕੈਪਟਨ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 50 ਹਜ਼ਾਰ ਸਮਾਰਟ ਫ਼ੋਨਾਂ ਦੀ ਪਹਿਲੀ ਖੇਪ ਪ੍ਰਾਪਤ ਹੋ ਚੁਕੀ ਹੈ ਜਿਸ ਦੀ ਛੇਤੀ ਵੰਡ ਸ਼ੁਰੂ ਹੋਵੇਗੀ। ਹੁਣ 12 ਅਗੱਸਤ ਨੂੰ ਅੰਤਰਰਾਸ਼ਟਰੀ ਯੂਥ ਦਿਵਸ ਮੌਕੇ ਸਰਕਾਰ ਸਿਖਿਆ ਵਿਭਾਗ ਰਾਹੀਂ ਫ਼ੋਨ ਵੰਡਣ ਦਾ ਕੰਮ ਸ਼ੁਰੂ ਕਰ ਰਿਹਾ ਹੈ।