Oil Tanker Accident : ਰੂਪਨਗਰ 'ਚ ਪਲਟਿਆ ਤੇਲ ਦਾ ਟੈਂਕਰ, ਲੋਕਾਂ ਨੇ ਤੇਲ ਨਾਲ ਭਰ ਲਏ ਭਾਂਡੇ, ਕਈ ਲੀਟਰ ਸੜਕ 'ਤੇ ਰੁੜ੍ਹਿਆ ਰੂਪਨਗਰ :ਜ਼ਿਲ੍ਹਾ ਰੂਪਨਗਰ ਵਿੱਚ ਆਨੰਦਪੁਰ ਸਾਹਿਬ ਗੜ੍ਹਸ਼ੰਕਰ ਰੋਡ 'ਤੇ ਝੱਜ ਚੌਕ ਟੀ-ਪੁਆਇੰਟ 'ਤੇ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਟੈਂਕਰ ਪਲਟਣ ਨਾਲ ਤੇਲ ਸੜਕ ਉੱਤੇ ਫੈਲਣ ਕਾਰਨ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਿਕ ਟੈਂਕਰ ਡੀਜ਼ਲ ਨਾਲ ਭਰਿਆ ਹੋਇਆ ਸੀ ਅਤੇ ਪੈਟਰੋਲ ਪੰਪ 'ਤੇ ਸਪਲਾਈ ਕਰਨ ਲਈ ਜਾ ਰਿਹਾ ਸੀ।
ਲੋਕਾਂ ਨੇ ਕੈਨੀਆਂ 'ਚ ਭਰਿਆ ਤੇਲ:ਮੌਕੇ ਤੋਂ ਮਿਲੀ ਜਾਣਕਾਰੀ ਅਤੇ ਵਾਇਰਲ ਹੋਈਆਂ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਵਲੋਂ ਤੇਲ ਦਾ ਟੈਂਕਰ ਪਲਟਣ ਕਾਰਨ ਤੇਲ ਕੈਨੀਆਂ ਤੇ ਹੋਰ ਬਰਤਨਾਂ ਵਿੱਚ ਭਰ ਲਿਆ ਗਿਆ। ਦੂਜੇ ਪਾਸੇ ਇਹ ਵੀ ਹੈ ਕਿ ਲਗਾਤਾਰ ਟੈਂਕਰ ਦੇ ਢੱਕਣਾਂ ਵਿੱਚ ਤਿਲ ਸੜਕ ਉੱਤੇ ਫੈਲ ਰਿਹਾ ਸੀ। ਹਾਲਾਂਕਿ ਕੁਝ ਲੋਕ ਇਹ ਵੀ ਸਵਾਲ ਕਰ ਰਹੇ ਹਨ ਕਿ ਇਸ ਨਾਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਕਿਉਂ ਕਿ ਤੇਲ ਸੜਕ ਉੱਤੇ ਫੈਲਣ ਕਾਰਨ ਅੱਗ ਵੀ ਲੱਗ ਸਕਦੀ ਸੀ। ਜਿਸ ਵੇਲੇ ਟੈਂਕਰ ਪਲਟਿਆ ਤਾਂ ਟੈਂਕੀ ਦੇ ਉੱਪਰ ਦੇ ਢੱਕਣ ਖੁੱਲਣ ਕਾਰਨ ਤੇਲ ਲੀਕ ਹੋਣ ਲੱਗਿਆ। ਤੇਲ ਨੂੰ ਵਗਦਾ ਦੇਖ ਕੇ ਲੋਕ ਤੁਰੰਤ ਬਾਲਟੀਆਂ, ਕੈਨੀਆਂ-ਡਰੰਮ ਸਮੇਤ ਪਹੁੰਚ ਗਏ ਅਤੇ ਟੈਂਕਰ ਵਿੱਚੋਂ ਤੇਲ ਭਰਨ ਲੱਗੇ।
ਇਹ ਵੀ ਪੜ੍ਹੋ:Fronts on Punjab issues: ਸਰਕਾਰ ਲਈ ਚੁਣੌਤੀ ਬਣਦਾ ਜਾ ਰਿਹੈ ਸਿੱਖ ਜਥੇਬੰਦੀਆਂ ਦਾ ਮੋਰਚਾ ! ਪੜ੍ਹੋ ਇਹ ਖਾਸ ਰਿਪੋਰਟ...
ਇਹ ਵੀ ਯਾਦ ਰਹੇ ਕਿ ਕੁੱਝ ਮਹੀਨੇ ਪਹਿਲਾਂ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਵੀ ਸੇਬਾਂ ਵਾਲਾ ਟਰੱਕ ਪਲਟਣ ਅਤੇ ਮੌਕੇ ਤੋਂ ਲੋਕਾਂ ਵਲੋਂ ਸੇਬਾਂ ਦੀਆਂ ਪੇਟੀਆਂ ਚੁੱਕਣ ਕਰਕੇ ਵੀ ਕਾਫੀ ਹੰਗਾਮਾ ਮਚਿਆ ਸੀ। ਇਸ ਨਾਲ ਪੰਜਾਬੀਆਂ ਦੇ ਅਕਸ ਨੂੰ ਵੀ ਢਾਅ ਲੱਗੀ ਸੀ ਹਾਲਾਂਕਿ ਇਸ ਘਟਨਾ ਤੋਂ ਬਾਅਦ ਕੁੱਝ ਲੋਕਾਂ ਨੇ ਇਹ ਮਹਿਸੂਸ ਕੀਤਾ ਸੀ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ। ਪਰ ਇਸ ਮਾਮਲੇ ਵਿੱਚ ਜੇਕਰ ਲੋਕਾਂ ਵਲੋਂ ਤੇਲ ਆਪਣੇ ਬਰਤਨਾਂ ਵਿੱਚ ਭਰਿਆ ਗਿਆ ਹੈ ਤਾਂ ਇਸਦੇ ਕਈ ਪੱਖ ਹਨ। ਇਕ ਤਾਂ ਤੇਲ ਸੜਕ ਉੱਤੇ ਫੈਲ ਰਿਹਾ ਸੀ ਤਾਂ ਲੋਕਾਂ ਨੇ ਇਸਨੂੰ ਬਰਤਨਾਂ ਵਿੱਚ ਭਰ ਲਿਆ ਹੈ। ਕਿਉਂ ਕਿ ਤੇਲ ਸੜਕ ਉੱਤੇ ਫੈਲ ਕੇ ਨੁਕਸਾਨਿਆਂ ਹੀ ਜਾ ਰਿਹਾ ਸੀ। ਇਹ ਜ਼ਰੂਰ ਹੈ ਕਿ ਕਿਸੇ ਹਾਦਸੇ ਤੋਂ ਵੀ ਬਚਣਾ ਚਾਹੀਦਾ ਹੈ ਤੇ ਲੋਕਾਂ ਨੂੰ ਮੌਕੇ ਦੇ ਲਿਹਾਜ ਨਾਲ ਫੈਸਲਾ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀਡੀਓ ਵਾਇਰਲ ਹੋ ਕੇ ਫਜ਼ੀਹਤ ਨਾ ਕਰਵਾਏ।