ਰੋਪੜ :ਕਾਲੇ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਜੀਓ ਗਰੁੱਪ ਦੀਆਂ ਸਮੱਸਿਆਵਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਜਿੱਥੇ ਬੀਤੇ ਸਮੇਂ ਦੌਰਾਨ ਕਿਸਾਨਾਂ ਵੱਲੋਂ ਰਿਲਾਇੰਸ ਦੇ ਪੈਟਰੋਲ ਪੰਪਾਂ, ਸ਼ਾਪਿੰਗ ਮੌਲ ਤੇ ਟਾਵਰਾਂ ਨੂੰ ਬੰਦ ਕਰਵਾ ਕੇ ਕੰਮਾਂ ਦਾ ਬਾਈਕਾਟ ਕੀਤਾ ਗਿਆ ਉਥੇ ਹੁਣ ਜੀਓ ਕੰਪਨੀ ਦੇ ਨਵੇਂ ਲੱਗਣ ਜਾ ਰਹੇ ਟਾਵਰਾਂ ਦੀਆਂ ਪਾਈਪ ਲਾਈਨਾਂ ਦਾ ਕੰਮ ਕਿਸਾਨਾਂ ਵੱਲੋਂ ਅੱਧ ਵਿਚਾਲੇ ਰੁਕਵਾਇਆ ਜਾ ਰਿਹਾ ਹੈ ।
'ਜੀਓ' ਕੰਪਨੀ ਦੀਆਂ ਮਸ਼ੀਨਾਂ ਅਤੇ ਸਾਮਾਨ ਜ਼ਬਤ
ਹਲਕੇ ਦੇ ਪਿੰਡਾਂ ਵਿੱਚ 'ਜੀਓ' ਦਾ ਕੋਈ ਕੰਮ ਨਹੀਂ ਚੱਲਣ ਦਿਆਂਗੇ: ਸੰਦੋਆ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਰੂਪਨਗਰ ਤੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਪਿੰਡ 'ਚ ਜਿੱਥੇ ਕਿ ਬੀਤੇ ਤਿੰਨ ਦਿਨਾਂ ਤੋਂ ਫਾਈਬਰ ਲਾਈਨ ਪਾਉਣ ਦਾ ਕੰਮ ਚੱਲਿਆ ਸੀ। ਜਦੋਂ ਅੱਜ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਲਾਈਨ ਜੀਓ ਕੰਪਨੀ ਵੱਲੋਂ ਪਾਈ ਜਾ ਰਹੀ ਹੈ ਤਾਂ ਗੁੱਸੇ ਵਿੱਚ ਆਏ ਲੋਕਾਂ ਨੇ ਹਲਕਾ ਵਿਧਾਇਕ ਸੰਦੋਆ ਨੂੰ ਨਾਲ ਲੈ ਕੇ ਫਾਈਬਰ ਲਾਈਨ ਦਾ ਕੰਮ ਵਿੱਚ ਬੰਦ ਕਰਵਾ ਦਿੱਤਾ ਅਤੇ ਉਨ੍ਹਾਂ ਦੀਆਂ ਮਸ਼ੀਨਾਂ ਤੇ ਸਾਮਾਨ ਵੀ ਜ਼ਬਤ ਕਰ ਲਿਆ। ਇਸ ਮੌਕੇ ਪਿੰਡ ਵਾਸੀਆਂ ਦੀ ਫਾਈਬਰ ਲਾਈਨ ਪਾਉਣ ਵਾਲੇ ਮਜ਼ਦੂਰਾਂ ਅਤੇ ਮੌਕੇ ਤੇ ਆਏ ਸਾਈਟ ਅਧਿਕਾਰੀਆਂ ਨਾਲ ਤਕਰਾਰਬਾਜ਼ੀ ਵੀ ਹੋਈ।
ਪਿੰਡ ਦੀ ਪੰਚਾਇਤ ਨੂੰ ਭਰੋਸੇ ਵਿੱਚ ਲਏ ਬਿਨਾਂ ਚਾਲੂ ਕੀਤਾ ਕੰਮ
ਇਸ ਮੌਕੇ ਗੱਲ ਕਰਦਿਆਂ ਲੋਕਾਂ ਨੇ ਦੱਸਿਆ ਕਿ ਅਸੀਂ ਆਪਣੇ ਪਿੰਡ ਵਿੱਚ ਹਰਗਿਜ਼ ਜੀਓ ਕੰਪਨੀ ਦੀਆਂ ਫਾਈਬਰ ਲਾਈਨਾਂ ਨਹੀਂ ਪਾਉਣ ਦੇਵਾਂਗੇ। ਜਦੋਂ ਤਕ ਕੰਪਨੀ ਦੇ ਉੱਚ ਅਧਿਕਾਰੀ ਆ ਕੇ ਇਸ ਕੰਮ ਨੂੰ ਬੰਦ ਕਰਨ ਦਾ ਭਰੋਸਾ ਨਹੀਂ ਦਿੰਦੇ ਅਸੀਂ ਉਦੋਂ ਤੱਕ ਇਨ੍ਹਾਂ ਦਾ ਸਾਮਾਨ ਵਾਪਸ ਨਹੀਂ ਕਰਾਂਗੇ । ਉਨ੍ਹਾਂ ਦੱਸਿਆ ਕਿ ਉਕਤ ਕੰਪਨੀ ਦੇ ਅਧਿਕਾਰੀਆਂ ਵੱਲੋਂ ਪੰਚਾਇਤ ਨੂੰ ਭਰੋਸੇ 'ਚ ਲਏ ਬਿਨਾਂ ਪਿੰਡ ਵਿੱਚ ਇਹ ਤਾਰ ਪਾਈ ਜਾ ਰਹੀ ਹੈ ਜੋ ਕਿ ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ ਤੇ ਨਾਲ ਹੀ ਜੀਓ ਦਾ ਅਸੀਂ ਪਹਿਲਾਂ ਹੀ ਵਿਰੋਧ ਕੀਤਾ ਹੋਇਆ ਹੈ।
ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀ ਕੰਮ ਬੰਦ ਕਰਵਾ ਦਿੱਤਾ : ਸੰਦੋਆ
ਹਲਕੇ ਦੇ ਪਿੰਡਾਂ ਵਿੱਚ 'ਜੀਓ' ਦਾ ਕੋਈ ਕੰਮ ਨਹੀਂ ਚੱਲਣ ਦਿਆਂਗੇ: ਸੰਦੋਆ ਮੌਕੇ ਤੇ ਪਹੁੰਚੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਬੀਤੇ ਤਿੰਨ ਦਿਨਾਂ ਤੋਂ ਇਹ ਕੰਪਨੀ ਵਾਲੇ ਝੂਠ ਬੋਲ ਕੇ ਲਾਈਨਾਂ ਪਾ ਰਹੇ ਸਨ ਪਰ ਜਦੋਂ ਸਾਨੂੰ ਅੱਜ ਪਤਾ ਲੱਗਾ ਇਹ ਜੀਓ ਕੰਪਨੀ ਦਾ ਕੰਮ ਹੈ ਤਾਂ ਅਸੀਂ ਇਹ ਕੰਮ ਬੰਦ ਕਰਵਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜੀਓ ਦਾ ਕੋਈ ਵੀ ਪ੍ਰੋਜੈਕਟ ਅਸੀਂ ਆਪਣੇ ਇਲਾਕੇ ਵਿੱਚ ਨਹੀਂ ਚੱਲਣ ਦੇਵਾਂਗੇ।