ਰੂਪਨਗਰ: ਪੰਜਾਬ ਭਰ 'ਚ ਕਿਸਾਨਾਂ ਨੇ ਝੋਨੇ ਦੀ ਬਿਜਾਈ ਦਾ ਕੰਮ ਮੁਕੰਮਲ ਕਰ ਲਿਆ ਹੈ। ਮਾਨਸੂਨ ਐਕਟਿਵ ਹੋਣ ਦੇ ਕਾਰਨ 4 ਜੁਲਾਈ ਤੋਂ ਪੰਜਾਬ 'ਚ ਮੀਂਹ ਪੈਂਣ ਦੀ ਆਸ ਹੈ। ਇਹ ਮੀਂਹ ਝੋਨੇ ਦੀ ਫਸਲ ਲਈ ਲਾਹੇਵੰਦ ਹੋਵੇਗਾ।
4 ਜੁਲਾਈ ਤੋਂ ਪੰਜਾਬ 'ਚ ਪਵੇਗਾ ਮੀਂਹ, ਝੋਨੇ ਦੀ ਫਸਲ ਲਈ ਲਾਹੇਵੰਦ - ਮੌਸਮ ਵਿਭਾਗ
ਮੌਸਮ ਵਿਭਾਗ ਮੁਤਾਬਕ 4 ਤੇ 5 ਜੁਲਾਈ ਤੋਂ ਮਾਨਸੂਨ ਪੂਰ੍ਹੀ ਤਰ੍ਹਾਂ ਐਕਟਿਵ ਹੋ ਜਾਵੇਗਾ। ਇਸ ਨਾਲ ਸੂਬੇ 'ਚ ਮੀਂਹ ਪਵੇਗਾ, ਜੋ ਕਿ ਝੋਨੇ ਦੀ ਫਸਲ ਲਈ ਲਾਹੇਵੰਦ ਸਾਬਿਤ ਹੋਵੇਗਾ। ਇਸ ਨਾਲ ਕਿਸਾਨ ਪਾਣੀ ਦੀ ਬਚਤ ਕਰ ਸਕਣਗੇ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਦੇ ਡਿਪਟੀ ਡਾਇਰੈਕਟਰ ਜੀਐੱਸ ਮੱਕੜ ਨੇ ਦੱਸਿਆ ਕਿ ਜ਼ਿਲ੍ਹੇ 'ਚ ਕਿਸਾਨਾਂ ਨੇ ਝੋਨਾ ਲਾਉਣ ਦਾ 80 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਫਸਲ ਲਈ ਸਭ ਤੋਂ ਵੱਧ ਪਾਣੀ ਦੀ ਲੋੜ ਪੈਂਦੀ ਹੈ। ਰੂਪਨਗਰ 'ਚ ਜ਼ਿਆਦਾਤਰ ਕਿਸਾਨ ਝੋਨੇ ਦੀ ਫਸਲ ਲਈ ਟਿਊਬਲ, ਨਹਿਰਾਂ ਆਦਿ 'ਤੇ ਨਿਰਭਰ ਹਨ। ਮੀਂਹ ਪੈਣ ਨਾਲ ਕਿਸਾਨਾਂ ਦੀ ਇਹ ਸਮੱਸਿਆ ਹੱਲ ਹੋ ਜਾਂਦੀ ਹੈ। ਜੇਕਰ ਕਿਸਾਨ ਮੀਂਹ ਦੇ ਪਾਣੀ ਦੀ ਸਹੀ ਵਰਤੋਂ ਕਰਨ ਜਾਂ ਇਸ ਨੂੰ ਸਟੋਰ ਕਰਨ ਤਾਂ ਉਹ ਵਧੀਆ ਤਰੀਕੇ ਨਾਲ ਫਸਲ ਦੀ ਸਿੰਚਾਈ ਕਰ ਸਕਦੇ ਹਨ। ਇਸ ਨਾਲ ਉਹ ਵੱਡੇ ਪੱਧਰ 'ਤੇ ਧਰਤੀ ਹੇਠਲੇ ਪਾਣੀ ਦੀ ਬਚਤ ਕਰ ਸਕਦੇ ਹਨ।
ਜੀਐੱਸ ਮੱਕੜ ਨੇ ਦੱਸਿਆ ਕਿ ਮੌਸਮ ਵਿਭਾਗ ਮੁਤਾਬਕ ਪਹਿਲਾਂ ਪੰਜਾਬ 'ਚ ਮਾਨਸੂਨ 28-29 ਜੂਨ ਨੂੰ ਪਹੁੰਚਣਾ ਸੀ। ਮਾਨਸੂਨ ਨੇ ਉੱਤਰ ਭਾਰਤ 'ਚ ਦਸਤਕ ਤਾਂ ਦਿੱਤੀ, ਪਰ ਮਹਿਜ਼ ਕੁੱਝ ਥਾਵਾਂ 'ਤੇ ਹੀ ਮੀਂਹ ਪਿਆ। ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਮੁੜ ਤੋਂ 4 ਤੇ 5 ਜੁਲਾਈ ਤੋਂ ਮਾਨਸੂਨ ਪੂਰੀ ਤਰ੍ਹਾਂ ਐਕਟਿਵ ਹੋ ਜਾਵੇਗਾ। ਇਸ ਨਾਲ ਸੂਬੇ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਆਖਿਆ ਕਿ ਇਹ ਮੀਂਹ ਝੋਨੇ ਦੀ ਫਸਲ ਲਈ ਲਾਹੇਵੰਦ ਸਾਬਿਤ ਹੋਵੇਗਾ।