ਰੋਪੜ: ਬੇਅਦਬੀ ਮਾਮਲੇ ਦੇ ਰੋਸ ਵਿੱਚ ਨਿਹੰਗ ਸਿੰਘਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਰੋਸ ਵੱਜੋਂ ਮਰਿੰਡਾ ਵਿੱਚ ਰੋਡ ਜਾਮ ਕੀਤਾ ਗਿਆ। ਇਸੇ ਦੌਰਾਨ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਵੇਰਕਾ ਚੌਂਕ ਮੋਰਿੰਡਾ ਪਹੁੰਚ ਕੇ ਮੁਲਾਕਾਤ ਕੀਤੀ। ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਵਿਧਾਇਕ ਅੱਗੇ ਮੰਗ ਰੱਖੀ ਕਿ ਗੁਰਦੁਆਰਾ ਕਮੇਟੀ ਉੱਤੇ ਵੀ ਮਾਮਲਾ ਦਰਜ ਕੀਤਾ ਜਾਵੇ ਤੇ ਮੁਲਜ਼ਮ ਨੂੰ ਵੀ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ। ਇਸ ਮੌਕੇ ਉੱਤੇ ਪਹੁੰਚੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋ ਹਰ ਸੰਭਵ ਮਦਦ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਲੋਕਾਂ ਦੇ ਨਾਲ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਦਾਸ਼ਤ ਯੋਗ ਨਹੀਂ ਹੈ।
ਜਾਂਚ ਲਈ ਨਵੀਂ ਕਮੇਟੀ ਬਣੀ: ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ, "ਜੋ ਇਹ ਘਟਨਾ ਹੋਈ ਹੈ, ਇਹ ਬੇਹਦ ਹੀ ਮੰਦਭਾਗੀ ਘਟਨਾ ਹੈ। ਸਰਕਾਰ ਵੱਲੋਂ ਅਜਿਹੀ ਘਟਨਾ ਕਰਨ ਵਾਲੇ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਥ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਬੇਅਦਬੀ ਦੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਉਹ ਵੀ ਗ੍ਰਿਫਤਾਰ ਹੋ ਚੁੱਕਾ ਹੈ। ਜਾਂਚ ਲਈ ਇਲਾਕੇ ਦੀ ਸੰਗਤ ਦੇ ਮੁਤਾਬਕ ਨਵੀਂ ਕਮੇਟੀ ਬਣਾ ਦਿੱਤੀ ਗਈ ਹੈ।
ਪੁਲਿਸ ਵੱਲੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ: ਪੁਲਿਸ ਅਧਿਕਾਰੀ ਰਾਜਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜਸਬੀਰ ਸਿੰਘ ਜੱਸੀ ਵਜੋਂ ਹੋਈ ਹੈ, ਜੋ ਕਿ ਮੋਰਿੰਡਾ ਦਾ ਹੀ ਰਹਿਣਾ ਵਾਲਾ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਾਡਾ ਸਾਥ ਦਿੱਤਾ ਜਾਵੇ, ਅਸੀ ਭਰੋਸਾ ਦਿੰਦੇ ਹਾਂ ਕਿ ਅਜਿਹੀ ਘਟਨਾ ਕਰਨ ਵਾਲੇ ਵਿਰੁੱਧ ਪੁਲਿਸ ਵੀ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਸੰਗਤ ਦੀ ਭਾਵਨਾ ਅਸੀਂ ਵੀ ਸਮਝਦੇ ਹਾਂ, ਪਰ ਸੰਗਤ ਨੂੰ ਸਾਡੀ ਭਾਵਨਾ ਨੂੰ ਵੀ ਸਮਝਣਾ ਚਾਹੀਦਾ ਹੈ। ਜਿੰਨਾ ਦੁੱਖ ਬੇਅਦਬੀ ਦਾ ਸੰਗਤ ਨੂੰ ਹੈ, ਸਾਨੂੰ ਵੀ ਉੰਨਾ ਹੀ ਦੁੱਖ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।