ਰੂਪਨਗਰ :ਪਿਛਲੇ ਕਈ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਅਤੇ ਪੰਜਾਬ ਦੇ ਮੈਦਾਨੀ ਖੇਤਰਾਂ ਵਿੱਚ ਭਾਰੀ ਮੀਂਹ ਨਾਲ ਹੜ੍ਹਾਂ ਨੇ ਤਬਾਹੀ ਮਚਾਈ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦਾ ਦੌਰਾ ਕਰਨ ਲਈ ਮੰਤਰੀ ਪਹੁੰਚ ਰਹੇ ਹਨ। ਉਥੇ ਹੀ ਰੂਪਨਗਰ ਅਤੇ ਫ਼ਤਿਹਗੜ੍ਹ ਸਾਹਿਬ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਹੜ੍ਹਾ ਵਰਗੇ ਹਾਲਾਤ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਨੰਗਲ ਤਹਿਸੀਲ ਦੇ ਪਿੰਡਾਂ ਬ੍ਰਹਮਪੁਰ, ਬੰਦਲੈਹੜੀ, ਜਵਾਹਰ ਮਾਰਕੀਟ, ਮੇਗਪੁਰ, ਮਾਣਕਪੁਰ, ਨਿੱਕੂ ਨੰਗਲ, ਤਲਵਾੜਾ, ਬਰਮਲਾ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਤੁਰੰਤ ਆਮ ਵਰਗੇ ਹਾਲਾਤ ਬਣਾਉਣ ਦੇ ਨਿਰਦੇਸ਼ ਦਿੱਤੇ।
ਕਰਮਚਾਰੀਆਂ ਲਈ ਸੇਫਟੀ ਕਿੱਟ ਉਪਲੱਬਧ ਕਰਵਾਈਆਂ : ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਸਮੁੱਚੇ ਖੇਤਰ ਵਿੱਚ 100 ਪ੍ਰਤੀਸ਼ਤ ਬਿਜਲੀ ਅਤੇ ਜਲ ਸਪਲਾਈ ਦੀ ਸਹੂਲਤ ਬਹਾਲ ਹੋ ਗਈ ਹੈ। ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਪਸ਼ੂਆਂ ਲਈ ਚਾਰਾ, ਲੋੜਵੰਦਾਂ ਨੂੰ ਖਾਣੇ ਦੇ ਸਮਾਨ ਦੀਆਂ ਕਿੱਟਾ, ਸਫਾਈ ਕਰਮਚਾਰੀਆਂ, ਸੀਵਰਮੈਨਾ ਲਈ ਸੇਫਟੀ ਕਿੱਟ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਟੁੱਟੀਆ ਸੜਕਾਂ ਦੀ ਤੁਰੰਤ ਮੁਰੰਮਤ ਕਰਵਾ ਕੇ ਸੁਚਾਰੂ ਆਵਾਜਾਈ ਦੀ ਸਹੂਲਤ ਦਿੱਤੀ ਜਾਵੇ। ਆਮ ਲੋਕਾਂ ਨੇ ਭਾੲਚਾਰਕ ਸਾਂਝ ਦੀ ਮਜਬੂਤੀ ਦੀ ਮਿਸਾਲ ਦਿੱਤੀ ਹੈ ਅਤੇ ਹੱਥ ਨਾਲ ਹੱਥ ਮਿਲਾਇਆ ਹੈ। ਸਾਡੇ ਪਾਰਟੀ ਵਰਕਰਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ। ਪ੍ਰਸਾਸ਼ਨ ਦੇ ਅਧਿਕਾਰੀ ਅਤੇ ਕਰਮਚਾਰੀ ਦਿਨ ਰਾਤ ਮਿਹਨਤ ਕਰ ਰਹੇ ਹਨ ਹਾਲਾਤ ਆਮ ਵਰਗੇ ਬਣ ਰਹੇ ਹਨ, ਲੀਹ ਤੋਂ ਲੱਥੀ ਗੱਡੀ ਮੁੜ ਪਰਤ ਰਹੀ ਹੈ।