ਰੋਪੜ: ਸ੍ਰੀ ਅਨੰਦਪੁਰ ਸਾਹਿਬ ਤੋਂ ਕੈਬਨਿਟ ਮੰਤਰੀ ਅਤੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ਼ਨੀਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਉਨ੍ਹਾਂ ਦਾ ਵਿਆਹ ਨੰਗਲ ਦੇ ਗੁਰਦੁਆਰਾ ਬਿਭੌਰ ਸਾਹਿਬ ਵਿਖੇ ਗੁਰ ਮਰਿਆਦਾ ਮੁਤਾਬਿਕ ਗੁਰੂਗ੍ਰਾਮ ਨਿਵਾਸੀ ਰਾਕੇਸ਼ ਯਾਦਵ ਦੀ ਆਈਪੀਐਸ ਧੀ ਜੋਤੀ ਯਾਦਵ ਨਾਲ ਹੋਇਆ। ਮੰਤਰੀ ਹਰਜੋਤ ਬੈਂਸ ਦੇ ਵਿਆਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ਮੂਲੀਅਤ ਕਰਕੇ ਨਵੀਂ ਵਿਹੀ ਜੋੜੀ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ। ਦੱਸ ਦਈਏ ਸਿੱਖਿਆ ਮੰਤਰੀ ਦੇ ਪਿਤਾ ਸੋਹਨ ਸਿੰਘ ਮਾਤਾ ਬਲਵਿੰਦਰ ਕੌਰ ਨੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ।
12 ਮਾਰਚ ਨੂੰ ਹਰਜੋਤ ਬੈਂਸ ਨਾਲ ਮੰਗਣੀ: ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਆਈਪੀਐਸ ਜੋਤੀ ਯਾਦਵ ਨਾਲ ਕੁੜਮਾਈ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਇਸ ਤੋਂ ਇਲਾਵਾ ਦੋਵਾਂ ਦੀਆਂ ਸੋਸ਼ਲ ਮੀਡੀਆ 'ਤੇ ਇਕੱਠਿਆਂ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਸਨ। ਜ਼ਿਕਰਯੋਗ ਹੈ ਕਿ ਮੰਤਰੀ ਹਰਜੋਤ ਬੈਂਸ ਦੀ ਧਰਮ ਪਤਨੀ ਆਈਪੀਐੱਸ ਜੋਤੀ ਯਾਦਵ ਇਸ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤ ਹਨ। ਦੱਸ ਦਈਏ ਆਪੀਐੱਸ ਜਯੋਤੀ ਯਾਦਵ ਨੇ 12 ਮਾਰਚ ਨੂੰ ਹਰਜੋਤ ਬੈਂਸ ਨਾਲ ਮੰਗਣੀ ਕਰਵਾਈ ਸੀ ਅਤੇ ਜਯੋਤੀ ਯਾਦਵ ਦੀ ਪਹਿਲੀ ਮੁਲਾਕਾਤ 2011 ਵਿੱਚ ਅੰਨਾ ਹਜ਼ਾਰੇ ਵੱਲੋਂ ਚਲਾਏ ਗਏ ਅੰਦੋਲਨ ਦੌਰਾਨ ਹਰਜੋਤ ਬੈਂਸ ਨਾਲ ਹੋਈ ਸੀ। ਦੱਸ ਦਈਏ ਜਯੋਤੀ ਯਾਦਵ ਇਸ ਸਮੇਂ ਮਾਨਸਾ ਵਿੱਚ ਬਤੌਰ ਐੱਸਪੀ ਹੈੱਡਕੁਆਟਰ ਵਜੋਂ ਤਾਇਨਾਤ ਨੇ ਅਤੇ ਉਹ 2022 ਵਿੱਚ ਆਪ ਵਿਧਾਇਕਾ ਰਜਿੰਦਰ ਕੌਰ ਛੀਨਾ ਨਾਲ ਹੋਏ ਵਿਵਾਦ ਕਾਰਣ ਸੁਰਖੀਆਂ ਵਿੱਚ ਆਏ ਸਨ।