ਰੂਪਨਗਰ:ਜ਼ਿਲ੍ਹਾ ਰੂਪਨਗਰ ਵਿੱਚ ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਬੰਦੋਬਸਤ ਦਾ ਜਾਇਜ਼ਾ ਲੈਣ ਲਈ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ,ਸ੍ਰੀ ਆਨੰਦਪੁਰ ਸਾਹਿਬ ਕੈਨਾਲ ਰੈਸਟ ਹਾਊਸ ਰੂਪਨਗਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ l ਇਸ ਮੀਟਿੰਗ ਵਿੱਚ ਸੋਨਾਲੀ ਗਿਰੀ ,ਡਿਪਟੀ ਕਮਿਸ਼ਨਰ ਰੂਪਨਗਰ ,ਡਾ ਅਖਿਲ ਚੌਧਰੀ ,ਐਸਐਸਪੀ , ਪਵਨ ਦੀਵਾਨ ,ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਤੋਂ ਇਲਾਵਾ ਡਾ ਦਵਿੰਦਰ ਢਾਂਡਾ ਸਿਵਲ ਸਰਜਨ ਖ਼ਾਸ ਤੌਰ ਤੇ ਹਾਜ਼ਰ ਸਨ
ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕੀਤੀ ਉੱਚ ਪੱਧਰੀ ਮੀਟਿੰਗ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਮਨੀਸ਼ ਤਿਵਾੜੀ ਵੱਲੋਂ ਖਾਸ ਤੌਰ ਤੇ ਜ਼ਿਲ੍ਹੇ ਵਿਚ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਚਲਾਈ ਜਾ ਰਹੀ ਵੈਕਸੀਨੇਸ਼ਨ ਮੁਹਿੰਮ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ ਗਈ l ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਭਾਵੇਂ ਵੈਕਸੀਨੇਸ਼ਨ ਦੀ ਮੁਹਿੰਮ ਬੇਰੋਕ ਢੰਗ ਨਾਲ ਜਾਰੀ ਹੈ ਪਰ ਮੌਜੂਦਾ ਸਮੇਂ ਵੈਕਸੀਨ ਦੀਆਂ ਖੁਰਾਕਾਂ ਘੱਟ ਮਿਲ ਰਹੀਆਂ ਹਨ ਜਿਸ ਤੇ ਸ੍ਰੀ ਮਨੀਸ਼ ਤਿਵਾੜੀ ਨੇ ਪ੍ਰਸ਼ਾਸਨ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਸਰਕਾਰ ਨਾਲ ਗੱਲਬਾਤ ਕਰਕੇ ਇਸ ਸਬੰਧੀ ਫੌਰੀ ਕੋਈ ਹੱਲ ਕੱਢਣਗੇ l
ਇਸ ਤੋਂ ਇਲਾਵਾ ਮਨੀਸ਼ ਤਿਵਾੜੀ ਵੱਲੋਂ ਜ਼ਿਲ੍ਹੇ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਮੌਜੂਦਾ ਸਮੇਂ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਬੈੱਡਾਂ ਦੀ ਉਪਲਬਧਤਾ ਬਾਰੇ ਅਤੇ ਖਾਲੀ ਪਏ ਬੈੱਡਾਂ ਦੀ ਜਾਣਕਾਰੀ ਵੀ ਲਈ l ਪੁੱਛੇ ਜਾਣ ਤੇ ਸਿਵਲ ਸਰਜਨ ਦਵਿੰਦਰ ਢਾਂਡਾ ਨੇ ਦੱਸਿਆ ਕਿ ਹਸਪਤਾਲਾਂ ਵਿੱਚ ਮੌਜੂਦਾ ਸਮੇਂ ਆਕਸੀਜਨ ਦੀ ਸਪਲਾਈ ਸੰਤੁਸ਼ਟੀਜਨਕ ਹੈ ਪਰ ਉਹਨਾਂ ਨੇ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਅੱਗੇ ਇਹ ਬੇਨਤੀ ਵੀ ਕੀਤੀ ਕਿ ਜ਼ਿਲ੍ਹੇ ਵਿੱਚ ਆਪਣੇ ਆਕਸੀਜਨ ਪਲਾਂਟ ਲਾਏ ਜਾਣ ਲਈ ਸਰਕਾਰ ਕੋਲੋਂ ਲੋੜੀਂਦੀ ਪ੍ਰਵਾਨਗੀ ਲੈਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ l ਸਿਵਲ ਸਰਜਨ ਨੇ ਦੱਸਿਆ ਕਿ ਮੌਜੂਦਾ ਸਮੇਂ ਜਿਨ੍ਹਾਂ ਕੋਰੋਨਾ ਵਾਇਰਸ ਦੇ ਸ਼ੱਕੀ ਕੇਸਾਂ ਨੂੰ ਘਰਾਂ ਵਿੱਚ ਹੋਮ ਆਈਸੋਲੇਸ਼ਨ ਅਧੀਨ ਰੱਖਿਆ ਗਿਆ ਹੈ ਉਨ੍ਹਾਂ ਨੂੰ ਸਿਹਤ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਫਤਿਹ ਕਿਟਾ ਘਰਾਂ ਵਿਚ ਦੇ ਕੇ ਆ ਰਹੀਆਂ ਹਨ l
ਮਨੀਸ਼ ਤਿਵਾੜੀ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਅਤੇ ਸ਼ੱਕੀ ਮਰੀਜ਼ਾਂ ਦੇ ਇਲਾਜ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਇਹ ਭਰੋਸਾ ਵੀ ਦਿਵਾਇਆ ਕਿ ਜ਼ਿਲ੍ਹੇ ਵਿਚ ਆਕਸੀਜਨ ਦੇ ਪਲਾਂਟ ਲਾਏ ਜਾਣ ਲਈ ਅਤੇ ਕੋਵਿਡ ਵੈਕਸੀਨੇਸ਼ਨ ਦੀਆਂ ਹੋਰ ਖੁਰਾਕਾਂ ਲਿਆਉਣ ਲਈ ਉਹ ਕੇਂਦਰ ਸਰਕਾਰ ਪੰਜਾਬ ਸਰਕਾਰ ਨਾਲ ਉਚਿਤ ਪੱਧਰ ਤੇ ਗੱਲਬਾਤ ਕਰਨਗੇ ਅਤੇ ਇਸ ਦਾ ਫੌਰੀ ਹੱਲ ਕੱਢਣਗੇ l