ਰੂਪਨਗਰ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨੋਟਾਂ ਦੇ ਉੱਪਰ ਵੱਖ ਵੱਖ ਦੇਵੀ ਦੇਵਤਿਆਂ ਦੀਆਂ ਫੋਟੋਆਂ ਛਾਪਣ ਦੇ ਮੁੱਦੇ 'ਤੇ ਤਿੱਖੀ ਪ੍ਰਤੀਕਿਰਿਆ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ 30 ਅਕਤੂਬਰ ਨੂੰ ਕੀਰਤਪੁਰ ਸਾਹਿਬ ਵਿਖੇ ਪਹੁੰਚੇ, ਜਿਥੇ ਉਨ੍ਹਾਂ ਪੱਤਰਕਾਰਾਂ ਦੇ ਨਾਲ ਵੱਖ ਵੱਖ ਵਿਸ਼ਿਆਂ ਤੇ ਗੱਲਬਾਤ ਕੀਤੀ।
ਅਰਵਿੰਦ ਕੇਜਰੀਵਾਲ ਨੂੰ ਲਿਆ ਅੜ੍ਹੇ ਹੱਥੀ:ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਭਾਰਤੀ ਕਰੰਸੀ ਦੇ ਉੱਪਰ ਗਾਂਧੀ ਦੀ ਫੋਟੋ ਤਬਦੀਲ ਕਰ ਹਿੰਦੂ ਦੇਵੀ ਦੇਵਤਿਆਂ ਦੀ ਤਸਵੀਰ ਲਗਾਉਣ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਕੇਜਰੀਵਾਲ ਇਸ ਮੁੱਦੇ 'ਤੇ ਘਟੀਆ ਰਾਜਨੀਤੀ ਕਰ ਰਹੇ ਹਨl ਉਨ੍ਹਾਂ ਕਿਹਾ ਕਿ ਇਹ ਵੋਟਾਂ ਦੀ ਰਾਜਨੀਤੀ ਹੈ ਕਿ ਇਕ ਖ਼ਾਸ ਫਿਰਕੇ ਖ਼ਾਸ ਧਰਮ ਦੀ ਗੱਲ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ ਜਾਵੇ ਪ੍ਰੰਤੂ ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਵਿੱਚ ਅਨੇਕਤਾ ਵਿੱਚ ਏਕਤਾ ਹੈ ਅੰਤ ਇਹੀ ਭਾਰਤ ਦੀ ਖ਼ੂਬਸੂਰਤੀ ਹੈl ਉਨ੍ਹਾਂ ਕਿਹਾ ਕਿ ਰਾਜਨੀਤਿਕ ਲੋਕਾਂ ਨੂੰ ਇਸ ਏਕਤਾ ਵਿੱਚ ਅਨੇਕਤਾ ਨੂੰ ਤੋੜਨ ਲਈ ਨਹੀਂ ਸਗੋਂ ਜੋੜਨ ਦੇ ਲਈ ਯਤਨ ਕਰਨੇ ਚਾਹੀਦੇ ਹਨ।
ਗਿਆਨੀ ਅੰਮ੍ਰਿਤਪਾਲ ਦੇ ਮੁੱਦੇ 'ਤੇ ਬੋਲਦਿਆਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀਆਂ ਗੱਲਾਂ ਨੂੰ ਬੈਠ ਕੇ ਸਿੱਖ ਪੰਥ ਦੇ ਨੁਮਾਇੰਦਿਆਂ ਨੂੰ ਸੁਣਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਉਪਰ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਗਿਆਨੀ ਅੰਮ੍ਰਿਤਪਾਲ ਦੀਆਂ ਕੁਝ ਗੱਲਾਂ ਜਾਇਜ਼ ਹਨl ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਸਿੱਖ ਪੰਥ ਦੇ ਨੁਮਾਇੰਦਿਆਂ ਨੂੰ ਉਸ ਦੇ ਨਾਲ ਬੈਠ ਕੇ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਹਨl ਉਨ੍ਹਾਂ ਕਿਹਾ ਸ੍ਰੀ ਦਰਬਾਰ ਸਾਹਿਬ ਜਿਥੇ ਪੂਰੀ ਦੁਨੀਆਂ ਦੇ ਸਿੱਖਾਂ ਦੇ ਲਈ ਇੱਕ ਮੁਕੱਦਸ ਅਸਥਾਨ ਹੈ ਉੱਥੇ ਪੂਰੀ ਦੁਨੀਆਂ ਦੇ ਵਿੱਚ ਵਸਦੇ ਸਮੂਹ ਧਰਮਾਂ ਦੇ ਪੰਜਾਬੀਆਂ ਦੇ ਲਈ ਵੀ ਉਨ੍ਹਾਂ ਦੇ ਦਿਲ ਦੇ ਵਿੱਚ ਦਰਬਾਰ ਸਾਹਿਬ ਇਸ ਲਈ ਇੱਕ ਵਿਸ਼ੇਸ਼ ਸਥਾਨ ਹੈ, ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਨਾਲ ਬੈਠ ਕੇ ਸਾਰੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ।
ਭਾਜਪਾ ਉਤੇ ਕੱਸਿਆ ਤੰਜ: ਦੇਸ਼ ਦੀ ਕੇਂਦਰ ਸਰਕਾਰ ਦੇ ਵੱਲੋਂ ਭਾਰਤ ਵਿੱਚ ਕੀਤੇ ਜਾ ਰਹੇ ਭਗਵਾਂਕਰਨ ਦੇ ਸੰਬੰਧ ਵਿਚ ਬੋਲਦਿਆਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨੀ ਨੇ ਕਿਹਾ ਕਿ ਭਾਜਪਾ ਦੀ ਭਾਰਤ ਤੋਂ ਬਾਹਰ ਅਤੇ ਭਾਰਤ ਦੇ ਅੰਦਰ ਵੱਖ ਵੱਖ ਮੁੱਦਿਆਂ ਤੇ ਵੱਖ ਵੱਖ ਰਾਇ ਹੈ, ਉਨ੍ਹਾਂ ਕਿਹਾ ਕਿ ਭਾਜਪਾ ਦਾ ਦੋਹਰਾ ਚਿਹਰਾ ਹੈl ਉਨ੍ਹਾਂ ਕਿਹਾ ਕਿ ਭਾਜਪਾ ਭਾਰਤ ਤੋਂ ਬਾਅਦ ਖ਼ੁਦ ਨੂੰ ਸਭ ਤੋਂ ਵੱਡਾ ਡੈਮੋਕ੍ਰੈਟਿਕ ਪਾਰਟੀ ਦੱਸਦੀ ਹੈ, ਇਸ ਤੋਂ ਇਲਾਵਾ ਭਾਰਤ ਦੇ ਵਿੱਚ ਵੀ ਕੁਝ ਸੂਬਿਆਂ ਦੇ ਵਿੱਚ ਭਾਜਪਾ ਖੁਦ ਨੂੰ ਡੈਮੋਕ੍ਰੈਟਿਕ ਪਾਰਟੀ ਦੱਸਦੀ ਅਤੇ ਕੁਝ ਕੁ ਸੂਬਿਆਂ ਦੇ ਵਿੱਚ ਇੱਕ ਖ਼ਾਸ ਧਾਰਨਾ ਦੀ ਪਾਰਟੀ ਆਪਣੇ ਆਪ ਨੂੰ ਦੱਸਦੀ ਹੈ, ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਚ ਵੱਖ ਵੱਖ ਰਾਜਨੀਤਕ ਦਲਾਂ ਭਾਜਪਾ ਦੇ ਸਮੇਤ ਧਰਮ ਦੇ ਆਧਾਰ ਅਤੇ ਹੋਰ ਵੱਖ ਵੱਖ ਮੁੱਦਿਆਂ ਛੱਡ ਕੇ ਜਾਤ ਨਸਲ ਦੇ ਆਧਾਰ 'ਤੇ ਰਾਜਨੀਤੀ ਕਰ ਰਹੀਆਂ ਹਨl