ਰੂਪਨਗਰ: ਸੂਬੇ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਵਲੋਂ ਜਿਥੇ ਸਖ਼ਤੀ ਅਤੇ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਵੈਕਸੀਨੇਸ਼ਨ ਦਾ ਕੰਮ ਵੀ ਜੰਗੀ ਪੱਧਰ 'ਤੇ ਜਾਰੀ ਹੈ। ਮੌਜੂਦਾ ਸਮੇਂ 'ਚ ਕੋਰੋਨਾ ਪਿੰਡਾਂ 'ਚ ਪੈਰ ਪਸਾਰ ਰਿਹਾ ਹੈ। ਜਿਸ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ। ਇਸ ਦੇ ਚੱਲਦਿਆਂ ਜ਼ਿਲ੍ਹਾ ਰੂਪਨਗਰ ਦਾ ਪਿੰਡ ਮਲਿਕਪੁਰ ਹੋਰ ਪਿੰਡਾਂ ਲਈ ਪ੍ਰੇਰਨਾਦਾਇਕ ਬਣ ਰਿਹਾ ਹੈ। ਪਿੰਡ ਵਲੋਂ ਜਿਥੇ ਐਂਟਰੀ ਪੁਆਇੰਟਾਂ 'ਤੇ ਸਖ਼ਤੀ ਕੀਤੀ ਹੈ, ਉਥੇ ਹੀ ਆਈਸੋਲੇਸ਼ਨ ਸੈਂਟਰ ਵੀ ਸਥਾਪਿਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਨੇ ਦੱਸਿਆ ਕਿ ਪਿੰਡ ਦੀ ਧਰਮਸ਼ਾਲਾ 'ਚ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਮਰੀਜ਼ ਆਉਂਦਾ ਹੈ ਤਾਂ ਉਸਦਾ ਖਾਣ ਪੀਣ ਦਾ ਪ੍ਰਬੰਧ ਪੰਚਇਤ ਵਲੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਥੇ ਸਾਰੀਆਂ ਸਹੂਲਤਾਂ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿੰਡ 'ਚ ਦਾਖਲ ਹੋਣ ਲਈ ਪੰਜ ਰਸਤੇ ਹਨ। ਜਿਨ੍ਹਾਂ 'ਚ ਚਾਰ ਰਸਤਿਆਂ 'ਤੇ ਗੇਟ ਲਗਾ ਦਿੱਤੇ ਗਏ ਹਨ ਅਤੇ ਇੱਕ ਗੇਟ 'ਤੇ ਪਿੰਡ ਦੇ ਪੰਚਾਇਤ ਮੈਂਬਰ ਅਤੇ ਨੌਜਵਾਨ ਹੋਣਗੇ। ਜਿਥੇ ਉਨ੍ਹਾਂ ਵਲੋਂ ਪਹਿਰਾ ਦਿੱਤਾ ਜਾਵੇਗਾ ਉਥੇ ਹੀ ਪਿੰਡ 'ਚ ਆਉਣ ਵਾਲਿਆਂ ਦਾ ਰਿਕਾਰਡ ਵੀ ਰੱਖਿਆ ਜਾਵੇਗਾ।