ਰੂਪਨਗਰ:ਲੋਹੜੀ ਦੇ ਤਿਉਹਾਰ ਮੌਕੇ ਅੱਜ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿੱਚ ਲੋਹੜੀ ਮੇਲਾ 2023 ਦਾ ਆਗਾਜ਼ ਕੀਤਾ ਗਿਆ। ਇਹ ਲੋਹੜੀ ਦਾ ਮੇਲਾ ਤਿੰਨ ਦਿਨ ਤੱਕ ਚੱਲੇਗਾ। ਇਸ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਨੇ ਕੀਤਾ। । ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਇਹ ਮੇਲਾ ਆਯੋਜਿਤ ਕੀਤਾ ਰਿਹਾ ਹੈ।
ਮੇਲੇ ਦਿੰਦੇ ਹਨ ਚੰਗੀ ਸੇਧ: ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਦੱਸਿਆ ਕਿ ਸਾਡੇ ਸੂਬੇ ਦਾ ਵਿਰਸਾ ਬਹੁਤ ਹੀ ਅਮੀਰ ਹੈ। ਜਿਸ ਵਿੱਚ ਤਿਉਹਾਰ 'ਤੇ ਮੇਲੇ ਜ਼ਰੀਏ ਸਮਾਜ ਨੂੰ ਸੁਚੱਜੀ ਜੀਵਨ ਜਾਂਚ ਮਿਲਦੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਅਤੇ ਆਪਸੀ ਮੇਲ-ਮਿਲਾਪ ਨਾਲ ਅਸੀਂ ਖੁਸ਼ਹਾਲ ਜ਼ਿੰਦਗੀ ਜੀਅ ਸਕਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੇਧ ਦੇ ਸਕਦੇ ਹਾਂ। ਇਸ ਲਈ ਵਿਰਸੇ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ ਅਤੇ ਵਿਰਸੇ ਨਾਲ ਜੁੜੇ ਮੇਲੇ ਸਾਨੂੰ ਸਾਡੀ ਅਮੀਰ ਵਿਰਾਸਤ ਨਾਲ ਜੋੜ ਕੇ ਰੱਖਦੇ ਹਨ।
ਅਧਿਕਾਰੀਆਂ ਦੀ ਕੀਤੀ ਸਲਾਘਾ: ਡਾ. ਯਾਦਵ ਨੇ ਕਿਹਾ ਕਿ ਧੀਆਂ ਤੇ ਪੁੱਤਾਂ ਵਿੱਚ ਕੋਈ ਫ਼ਰਕ ਨਹੀਂ ਹੈ। ਉਨ੍ਹਾ ਕਿਹਾ ਸਰਕਾਰ ਵੱਲੋਂ ਕੀਤੇ ਵੱਖ-ਵੱਖ ਉਪਰਾਲਿਆਂ ਜਿਵੇਂ ਕਿ ਬੇਟੀ ਬਚਾਓ,ਬੇਟੀ ਪੜ੍ਹਾਓ ਵਰਗੇ ਪ੍ਰੋਗਰਾਮ ਬਹੁਤ ਹੀ ਸਾਰਥਕ ਸਿੱਧ ਹੋਏ ਹਨ। ਅੱਜ ਧੀਆਂ ਹਰ ਖ਼ੇਤਰ ਵਿੱਚ ਪੁੱਤਾਂ ਦੇ ਬਰਾਬਰ ਹੀ ਨਹੀਂ ਸਗੋਂ ਕਿਤੇ ਅੱਗੇ ਲੰਘ ਗਈਆਂ ਹਨ। ਉਹਨਾਂ ਨੇ ਧੀਆਂ ਸਬੰਧੀ ਕਰਵਾਏ ਪ੍ਰੋਗਰਾਮ ਦੀਆਂ ਤਿਆਰੀਆਂ ਕਰਵਾਉਣ ਵਾਲੇ ਅਧਿਕਾਰੀਆਂ 'ਤੇ ਹੋਰਨਾਂ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ।