ਰੋਪੜ: ਪੰਜਾਬ ਦੇ ਵਿੱਚ ਕੈਪਟਨ ਦੀ ਸਰਕਾਰ ਨੇ ਵਿਕਾਸ ਦਾ ਨਾਅਰਾ ਦੇ ਕੇ ਸੂਬੇ ਦੇ ਅੰਦਰ ਲੋਕਾਂ ਨੂੰ ਰਾਹਤ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ, ਪਰ ਇਹ ਦਾਅਵੇ ਕੈਪਟਨ ਸਰਕਾਰ ਤੇ ਵੱਖ-ਵੱਖ ਸਰਕਾਰੀ ਮਹਿਕਮੇ ਵੱਲੋਂ ਕੀਤੇ ਜਾ ਰਹੇ ਅਧੂਰੇ ਵਿਕਾਸ ਕਾਰਜਾਂ ਕਾਰਨ ਖੋਖਲੇ ਹੋ ਰਹੇ ਹਨ।
ਇਨ੍ਹਾਂ ਕੰਮਾਂ ਦੇ ਅਧੂਰੇ ਹੋਣ ਕਾਰਨ ਰੋਪੜ ਦੇ ਸ਼ਹਿਰ ਵਾਸੀ ਕਾਫ਼ੀ ਤੰਗ ਅਤੇ ਪ੍ਰੇਸ਼ਾਨ ਹਨ, ਜਿਸ ਵੱਲ ਪ੍ਰਸ਼ਾਸਨ ਅਤੇ ਸਬੰਧਤ ਮਹਿਕਮਾ ਕੋਈ ਖਾਸ ਧਿਆਨ ਨਹੀਂ ਦੇ ਰਿਹਾ। ਈਟੀਵੀ ਭਾਰਤ ਦੀ ਰੋਪੜ ਟੀਮ ਨੇ ਬੇਲਾ ਚੌਕ ਦੇ ਕੋਲ ਪਰਮਾਰ ਨਰਸਿੰਗ ਹੋਮ ਦੇ ਸਾਹਮਣੇ ਦੀਆਂ ਤਸਵੀਰਾਂ ਆਪਣੇ ਕੈਮਰੇ 'ਚ ਕੈਦ ਕੀਤੀਆਂ, ਇਨ੍ਹਾਂ ਤਸਵੀਰਾਂ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਇੱਥੇ ਦੋ ਮਹੀਨੇ ਪਹਿਲਾਂ ਜੋ ਸੀਵਰੇਜ ਦੀ ਪਾਈਪ ਲਾਈਨ ਨੂੰ ਠੀਕ ਕਰਨ ਦਾ ਕੰਮ ਸੀਵਰੇਜ ਬੋਰਡ ਵੱਲੋਂ ਕੀਤਾ ਗਿਆ ਅਤੇ ਇਹ ਸੜਕ ਲਗਭਗ ਇੱਕ ਮਹੀਨਾ ਬੰਦ ਵੀ ਰੱਖੀ ਗਈ ਬਾਵਜੂਦ ਇਸ ਦੇ ਇੱਥੇ ਦੀ ਸੜਕ ਪੂਰੀ ਤਰ੍ਹਾਂ ਠੀਕ ਨਹੀਂ ਕੀਤੀ ਗਈ।
ਸੜਕ ਦੇ ਉੱਪਰ ਕੰਮ ਵਾਲੀ ਜਗ੍ਹਾ ਤੇ ਨਾ ਤਾਂ ਕੋਈ ਕੰਮ ਚੱਲ ਰਹੇ ਦਾ ਸਾਈਨ ਬੋਰਡ ਲੱਗਿਆ ਹੋਇਆ ਹੈ, ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਤੰਗੀ ਤੇ ਪ੍ਰੇਸ਼ਾਨੀ ਹੋ ਰਹੀ ਹੈ। ਇਸ ਤੋਂ ਇਲਾਵਾ ਡੀਏਵੀ ਪਬਲਿਕ ਸਕੂਲ ਰੈਲੋਂ ਰੋਡ ਦੇ ਉੱਪਰ ਸੀਵਰੇਜ ਬੋਰਡ ਵੱਲੋਂ ਡੇਢ ਮਹੀਨਾ ਪਹਿਲਾਂ ਰਿਪੇਅਰ ਵਾਸਤੇ ਇੱਕ ਟੋਆ ਪੁੱਟਿਆ ਗਿਆ ਸੀ ਜੋ ਅਜੇ ਵੀ ਠੀਕ ਨਹੀਂ ਕੀਤਾ ਗਿਆ।
ਉਧਰ ਬੇਲਾ ਚੌਕ ਸੜਕ ਦੇ ਉੱਪਰ ਸੀਵਰੇਜ ਦਾ ਕੰਮ ਹੋਣ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਵੱਲੋਂ ਇੱਥੇ ਸੜਕ ਨਹੀਂ ਬਣਾਈ ਗਈ, ਜਿਸ ਕਾਰਨ ਸਥਾਨਕ ਲੋਕ ਪ੍ਰੇਸ਼ਾਨ ਹਨ। ਇਸ ਸਾਰੇ ਮਾਮਲੇ ਤੇ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਸ਼ਾਲ ਗੁਪਤਾ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸੜਕ ਰੋਪੜ ਡਿਵੀਜ਼ਨ ਦੇ ਅੰਦਰ ਨਹੀਂ ਬਲਕਿ ਮੁਹਾਲੀ ਡਿਵੀਜ਼ਨ ਦੇ ਅੰਦਰ ਆਉਂਦੀ ਹੈ। ਦੂਸਰਾ ਜੋ ਰੈਲੋ ਰੋਡ ਤੇ ਟੋਆ ਪੁੱਟਿਆ ਹੈ, ਉਹ ਸੀਵਰੇਜ ਬੋਰਡ ਨੇ ਸਾਡੇ ਮਹਿਕਮੇ ਦੀ ਇਜਾਜ਼ਤ ਲਏ ਬਿਨ੍ਹਾਂ ਹੀ ਪੁੱਟਿਆ ਹੈ ਅਤੇ ਨਾ ਹੀ ਸਾਨੂੰ ਉਸ ਨੇ ਕੋਈ ਪੈਸਾ ਜਮ੍ਹਾ ਕਰਵਾਇਆ ਹੈ।