ਰੂਪਨਗਰ: ਜਿਲ੍ਹਾ ਵਿੱਚ "ਅਨੀਮੀਆ ਮੁਕਤ ਪੰਜਾਬ" ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਦੌਰਾਨ ਮੁਫ਼ਤ ਅਨੀਮੀਆ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਰੂਪਨਗਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਅਨੀਮੀਆ ਬੱਚਿਆਂ, ਕਿਸ਼ੋਰ/ਕਿਸ਼ੋਰੀਆਂ ਅਤੇ ਗਰਭਵਤੀਆਂ ਵਿੱਚ ਪਾਈ ਜਾਣ ਵਾਲੀ ਮੁੱਖ ਸਮੱਸਿਆ ਦੇ ਤੌਰ 'ਤੇ ਸਾਹਮਣੇ ਆਉਂਦੀ ਹੈ। ਅਨੀਮੀਆ ਇੱਕ ਅਜਿਹੀ ਸਮੱਸਿਆ ਹੈ, ਜਿਸ ਵਿੱਚ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ।
ਇਸ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਵੱਖ-ਵੱਖ ਪ੍ਰੋਗਰਾਮਾਂ ਜਿਵੇਂ ਕਿ ਏ.ਐਨ.ਸੀ. ਰਜਿਸਟ੍ਰੇਸ਼ਨ ਉਪਰੰਤ ਗਰਭਵਤੀ ਔਰਤਾਂ ਨੂੰ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਇਰਨ ਦੀ ਗੋਲੀਆਂ ਮੁਫਤ ਦੇਣਾ, ਹਫਤਾਵਰੀ ਆਇਰਨ ਫੋਲਿਕ ਐਸਿਡ ਸਪਲੀਮੈਂਟ ਤਹਿਤ 10 ਤੋਂ 19 ਸਾਲ ਤੱਕ ਦੇ ਸਾਰੇ ਰਜਿਸਟਰਡ ਕਿਸ਼ੋਰ/ਕਿਸ਼ੋਰੀਆਂ ਨੂੰ ਆਂਗਣਵਾੜੀ ਕੇਂਦਰਾਂ ਵਿਖੇ ਅਤੇ 6ਵੀਂ ਤੋਂ 12ਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਫਤੇ ਵਿੱਚ ਇੱਕ ਵਾਰ ਆਇਰਨ ਫੋਲਿਕ ਐਸਿਡ ਦੀ ਗੋਲੀ ਖੁਆਈ ਜਾਂਦੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਰੂਪਨਗਰ ਦੇ ਹਰ ਸ਼ਹਿਰ, ਹਰ ਕਸਬੇ ਤੇ ਹਰ ਪੇਂਡੂ ਖੇਤਰ ਨੂੰ ਕਵਰ ਕੀਤਾ ਜਾਵੇਗਾ।ਅਨੀਮੀਆ ਪੀੜਤ ਗਰਭਵਤੀ ਔਰਤਾਂ ਨੂੰ (ਟੀ-3) ਤਕਨੀਕ (ਟੈਸਟ, ਟਰੀਟ, ਟਾਕ) ਵਿਧੀ ਰਾਹੀਂ ਇਲਾਜ ਅਧੀਨ ਲਿਆਂਦਾ ਜਾਵੇਗਾ।
ਇਸ ਤੋਂ ਇਲਾਵਾ ਡਾ. ਜਤਿੰਦਰ ਕੋਰ ਸਕੂਲ ਹੈਲਥ ਮੈਡੀਕਲ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2022 ਤੱਕ ਅਨੀਮੀਆ ਨੂੰ ਖਤਮ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਹਨਾਂ ਕਿਹਾ ਕਿ ਅਨੀਮੀਆ ਦਾ ਮੁੱਖ ਕਾਰਨ ਘੱਟ ਪੋਸ਼ਟਿਕ ਖਾਣਾ ਅਤੇ ਆਇਰਨ ਯੁਕਤ ਭੋਜਨ ਦਾ ਸੇਵਨ ਨਾ ਕਰਨਾ ਹੈ।
ਭਾਰਤ ਵਿੱਚ ਅਨੀਮੀਆ ਹਰ ਉਮਰ ਦੇ ਲੋਕਾਂ ਵਿੱਚ ਹੁੰਦਾ ਹੈ। ਗਰਭਵਤੀ ਅੋਰਤਾਂ ਵਿੱਚ ਤਕਰੀਬਨ 58 ਪ੍ਰਤੀਸ਼ਤ, ਜਨਣ ਉਮਰ ਵਰਗ ਦੀਆਂ ਅੋਰਤਾਂ ਵਿੱਚ 50 ਪ੍ਰਤੀਸ਼ਤ, ਕਿਸ਼ੋਰ ਲੜਕੀਆਂ ਵਿੱਚ 56 ਪ੍ਰਤੀਸ਼ਤ, ਲੜਕਿਆਂ ਵਿੱਚ 30 ਪ੍ਰਤੀਸ਼ਤ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਸੱਭ ਤੋਂ ਵੱਧ 69.5 ਪ੍ਰਤੀਸ਼ਤ ਹੁੰਦਾ ਹੈ।
ਜੱਚਾ-ਮੌਤ ਦੇ ਵੱਡੇ ਕਾਰਨਾਂ ਵਿੱਚੋਂ ਇੱਕ ਮੁੱਖ ਕਾਰਨ ਗਰਭਵਤੀਆਂ ਵਿੱਚ ਖੂਨ ਦੀ ਕਮੀ ਹੈ, ਭਾਵੇਂ ਸਿਹਤ ਵਿਭਾਗ ਵੱਲੋਂ ਹਾਈਰਿਸਕ ਗਰਭਵਤੀ ਔਰਤਾਂ ਦਾ ਨਿਰੰਤਰ ਫਾਲੋਅਮ ਕੀਤਾ ਜਾਂਦਾ ਹੈ ਪ੍ਰੰਤੂ ਜ਼ਰੂਰਤ ਹੈ ਕਿ ਸਮੇਂ ਤੇ ਗਰਭਵਤੀ ਨੂੰ ਪੋਸ਼ਟਿਕ ਅਤੇ ਆਇਰਨ ਭਰਪੂਰ ਭੋਜਨ ਦੇ ਸੇਵਨ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਜੋ ਜੱਚਾ-ਬੱਚਾ ਮੌਤ ਦਰ ਨੂੰ ਕਾਬੂ ਕੀਤਾ ਜਾ ਸਕੇ।
ਅਨੀਮੀਆ ਤੋਂ ਬਚਾਅ ਅਤੇ ਖੁਰਾਕ ਬਾਰੇ ਜਾਣਕਾਰੀ ਦਿੰਦਿਆਂ ਮੈਡਮ ਦਿਲਦੀਪ ਕੋਰ ਪੀ.ਐਚ.ਐਨ. ਨੇ ਦੱਸਿਆ ਕਿ ਸਰੀਰ ਵਿੱਚ ਖੂਨ ਦੀ ਸਹੀ ਮਾਤਰਾ ਲਈ ਆਇਰਨ ਭਰਪੂਰ ਚੀਜਾਂ ਜਿਵੇਂ ਕਿ ਹਰੀਆਂ ਪੱਤੇਦਾਰ ਸਬਜੀਆਂ, ਪਪੀਤਾ, ਅਮਰੂਦ, ਛੋਲੇ, ਦਾਲਾਂ, ਮੀਟ, ਮੱਛੀ ਦਾ ਸੇਵਨ ਕੀਤਾ ਜਾ ਸਕਦਾ ਹੈ।
ਇਹ ਵੀ ਪੜੋ: ਪੀਐਮ ਮੋਦੀ ਦੇ ਜਹਾਜ਼ ਦੀ ਪਾਕਿਸਤਾਨ ਵਿੱਚ 'ਨੋ ਐਂਟਰੀ'
ਇਸ ਤੋਂ ਇਲਾਵਾ ਵਿਟਾਮਿਨ-ਸੀ ਯੁਕਤ ਚੀਜਾਂ ਜਿਵੇਂ ਕਿ ਪੱਤੇਦਾਰ ਗੋਭੀ, ਨਿੰਬੂ, ਟਮਾਟਰ, ਸੰਤਰਾ, ਕਿੰਨੂ, ਤਰਬੂਜ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਸ਼ਰਾਬ ਤੇ ਤੰਬਾਕੂ ਦੇ ਸੇਵਨ ਤੋਂ ਗੁਰੇਜ ਕਰਨਾ ਚਾਹੀਦਾ ਹੈ।