ਰੋਪੜ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਰੇਲ ਰੋਕੋ ਅੰਦੋਲਨ ਤੀਜੇ ਦਿਨ 'ਚ ਪਹੁੰਚ ਗਿਆ ਹੈ। ਰੋਪੜ ਜ਼ਿਲ੍ਹੇ ਦੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਰੇਲਵੇ ਟਰੈਕ 'ਤੇ ਧਰਨਾ ਦਿੱਤਾ ਜਾ ਰਿਹਾ ਹੈ।
ਖੇਤੀ ਕਾਨੂੰਨ ਦੇ ਵਿਰੋਧ ਵਿੱਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਲਗਾਤਾਰ ਜਾਰੀ ਕੇਂਦਰ ਸਰਕਾਰ ਵੱਲੋਂ ਤਿੰਨ ਕਾਨੂੰਨ ਪਾਸ ਕੀਤੇ ਗਏ ਹਨ ਪਰ ਪੰਜਾਬ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਆਪਣੇ ਹੱਕ ਦੀ ਬਜਾਏ ਆਪਣੀ ਬਰਬਾਦੀ ਦਾ ਕਾਰਨ ਦੱਸ ਰਹੇ ਹਨ। ਇਸ ਦੇ ਵਿਰੋਧ ਵਿੱਚ ਇੱਕ ਸਤੰਬਰ ਤੋਂ ਪੂਰੇ ਪੰਜਾਬ ਭਰ ਦੇ ਕਿਸਾਨ ਰੇਲ ਰੋਕੋ ਅੰਦੋਲਨ ਕਰ ਰਹੇ ਹਨ। ਇਸ ਦੀ ਲੜੀ ਤਹਿਤ ਰੋਪੜ ਨੰਗਲ ਚੌਕ ਦੇ ਲਾਗੇ ਰੇਲਵੇ ਫਾਟਕ 'ਤੇ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਇਹ ਤੀਸਰੇ ਦਿਨ 'ਚ ਪਹੁੰਚ ਗਿਆ ਹੈ।
ਕਿਸਾਨ ਆਗੂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਧਰਨਾ ਲਗਾਏ ਹੋਏ 3 ਦਿਨ ਹੋ ਗਏ ਹਨ। ਉਨ੍ਹਾਂ ਵੱਲੋਂ ਇਹ ਧਰਨਾ ਉਸ ਵੇਲੇ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਇਨ੍ਹਾਂ ਲਾਗੂ ਹੋਏ ਕਾਨੂੰਨਾ ਨੂੰ ਰੱਦ ਨਹੀਂ ਕਰ ਦਿੰਦੇ।
ਇੱਕ ਪਾਸੇ ਤਾਂ ਕਿਸਾਨਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ, ਤਾਂ ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੋਹੇ ਦੀਆਂ ਪੱਟੜੀਆਂ ਤੇ ਪੱਥਰਾਂ ਦੇ ਉੱਪਰ ਰਾਤ ਗੁਜ਼ਾਰਨ ਨੂੰ ਮਜਬੂਰ ਹਨ। ਕਿਸਾਨ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਜਦੋਂ ਤੱਕ ਇਹ ਖੇਤੀ ਕਾਨੂੰਨ ਵਾਪਸ ਨਹੀਂ ਕਰਦੀ ਉਨ੍ਹਾਂ ਦਾ ਰੇਲ ਰੋਕੋ ਅੰਦੋਲਨ ਇਸ ਤਰ੍ਹਾਂ ਹੀ ਜਾਰੀ ਰਹੇਗਾ