ਰੋਪੜ: ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੌਕੇ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਅਤੇ ਨੋਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਵਸਾਈ ਹੋਈ ਪਾਵਨ-ਪਵਿੱਤਰ ਨਗਰੀ ਵਿਖੇ ਸੁਸ਼ੋਭਿਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਮੱਥਾ ਟੇਕ ਰਹੀਆਂ ਨੇ । ਨਤਮਸਤਕ ਹੋਣ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਦੇਸ਼-ਵਿਦੇਸ਼ ਤੋਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਹੁੰਚੀਆਂ ਸੰਗਤਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਿਆ ਅਤੇ ਵੱਖ-ੱਵਖ ਹੋਰ ਗੁਰਧਾਮਾਂ ਦੇ ਵੀ ਦਰਸ਼ਨ ਕੀਤੇ। ਆਈ ਹੋਈ ਸੰਗਤ ਨੇ ਗੁਰੂ ਜੀ ਦੇ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਵੀ ਕੀਤੇ ਅਤੇ ਸ਼ਸਤਰਾਂ ਨਾਲ ਸੰਬਧਿਤ ਇਤਿਹਾਸ ਵਾਰੇ ਵੀ ਸੰਗਤ ਨੂੰ ਜਾਣੂ ਕਰਵਾਇਆ।
ਵਿਸ਼ੇਸ਼ ਤਿਆਰੀਆਂ: ਦੱਸ ਦਈਏ ਜਿੱਥੇ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸੰਗਤ ਲਈ ਤਮਾਮ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਉੱਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਮੌਕੇ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ। ਦੂਜੇ ਪਾਸੇ ਦੇਸ਼-ਵਿਦੇਸ਼ ਤੋਂ ਆਈ ਸੰਗਤ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਲਈ ਧਾਰਮਿਕ ਰੰਗ ਦਾ ਪ੍ਰਚਾਰ ਕਰਨ ਵਿਸ਼ੇਸ਼ ਕੀਰਤਨੀ ਅਤੇ ਰਾਗੀ-ਢਾਡੀ ਜਥੇ ਪਹੁੰਚੇ ਨੇ।