ਰੂਪਨਗਰ : ਬੀਤੇ ਦਿਨ ਪਿੰਡ ਸਲੇਮਪੁਰ ਕੋਲੋਂ ਲੰਘਦੀ ਭਾਖੜਾ ਨਹਿਰ ਦੀ ਸਾਇਫਨ ਵਿੱਚੋਂ ਕੋਰੋਨਾ ਵੈਕਸੀਨ ਦੇ ਟੀਕੇ ਅਤੇ ਦਵਾਈਆਂ ਦੇ ਪੈਕਟ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਰੂਪਨਗਰ ਨੇ ਐੱਸਐੱਸਪੀ ਡਾ.ਅਖਿਲ ਚੌਧਰੀ ਦੀ ਅਗਵਾਈ ਹੇਠ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੋਰੋਨਾ ਵੈਕਸੀਨ ਦੇ ਟੀਕੇ ਅਤੇ ਦਵਾਈ ਦੇ ਪੈਕੇਟ ਨਕਲੀ ਹਨ ਜਾਂ ਅਸਲੀ ਇਸ ਬਾਰੇ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ ਹੈ।
ਕਥਿਤ ਟੀਕੇ ਭਾਖੜਾ ਨਹਿਰ ਵਿੱਚੋਂ ਮਿਲਣ 'ਤੇ ਜਾਂਚ ਸ਼ੁਰੂ
ਭਾਖੜਾ ਨਹਿਰ ਚੋਂ ਕੋਰੋਨਾ ਟੀਕੇ ਤੇ ਦਵਾਈਆਂ ਦੇ ਪੈਕਟ ਮਿਲਣ ਦੀ ਪੁਲਿਸ ਨੇ ਵੱਡੇ ਪੱਧਰ ਉਤੇ ਜਾਂਚ ਆਰੰਭ ਕਰ ਦਿੱਤੀ ਹੈ। ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ।
ਬੀਤੇ ਦਿਨ ਭਾਖੜਾ ਨਹਿਰ ਦੇ ਸਲੇਮਪੁਰ ਸਾਇਫਨ ਤੋਂ ਪੁਲਿਸ ਨੇ ਮੌਕੇ ਉਤੇ 383 ਰੈਮਡੀਸੀਵਰ ਟੀਕੇ ਅਤੇ 1344 ਕੋਫੋਪਰੋਜ਼ਨ ਟੀਕੇ ਅਤੇ 794 ਬਿਨਾਂ ਲੈਵਲ ਦੇ ਟੀਕੇ ਨਹਿਰ ਵਿਚੋੋਂ ਬਰਾਮਦ ਕੀਤੇ ਸਨ। ਜ਼ਿਲ੍ਹਾ ਪੁਲਿਸ ਨੇ ਥਾਣਾ ਚਮਕੌਰ ਸਾਹਿਬ ਵਿਖੇ ਇਸ ਮਾਮਲੇ ਨੂੰ ਲੈ ਕੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਡਰੱਗ ਕੰਟਰੋਲ ਅਫਸਰ ਰੂਪਨਗਰ ਤਜਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਇਨ੍ਹਾਂ ਟੀਕਿਆਂ ਅਤੇ ਦਵਾਈਆਂ ਕਿੱਥੇ ਤੋਂ ਭਾਖੜਾ ਨਹਿਰ ਵਿਚ ਸੁੱਟੀਆਂ ਗਈਆਂ ਹਨ, ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਟੀਕੇ ਤੇ ਦਵਾਈਆਂ ਦੇ ਪੈਕੇਟ ਭਾਖੜਾ ਨਹਿਰ ਵਿਚ ਰੂਪਨਗਰ ਵੱਲੋਂ ਆਉਣ ਕਾਰਨ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ । ਪਿੰਡ ਵਾਸੀਆਂ ਨੇ ਹੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਸੀ ਕਿ ਭਾਖੜਾ ਨਹਿਰ ਵਿੱਚੋਂ ਕਰੋਨਾ ਵੈਕਸੀਨ ਦੀ ਦਵਾਈ ਦੇ ਪੈਕਟ ਵੱਡੀ ਮਾਤਰਾ ਵਿੱਚ ਪਿੱਛੋਂ ਰੂਪਨਗਰ ਵੱਲੋਂ ਹੜ੍ਹ ਕੇ ਆ ਰਹੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇ। ਇਹ ਦਵਾਈ ਵੱਡੀ ਮਾਤਰਾ ਵਿੱਚ ਭਾਖੜਾ ਨਹਿਰ ਵਿੱਚ ਕਿਵੇਂ ਆਈ ਹੈ , ਇਹ ਪੁਲਿਸ ਲਈ ਵੱਡਾ ਸਵਾਲ ਬਣਿਆ ਹੋਇਆ ਹੈ। ਐੱਸਐੱਸਪੀ ਡਾ.ਅਖਿਲ ਚੌਧਰੀ ਨੇ ਦਸਿਆ ਕਿ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।