ਰੂਪਨਗਰ: ਸੂਬੇ ਵਿੱਚ ਇਸ ਵੇਲੇ ਦੋ ਰਵਾਇਤੀ ਫਸਲਾਂ ਚੱਲ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਇੱਕ ਝੋਨਾਂ ਤੇ ਦੂਜੀ ਮੱਕੀ ਹੈ। ਰੂਪਨਗਰ ਜ਼ਿਲ੍ਹੇ ਦੇ ਕੁੱਲ ਰਕਬੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਇਲਾਕੇ ਵਿੱਚ ਕਿਸਾਨਾਂ ਵੱਲੋਂ ਮੱਕੀ ਬੀਜੀ ਜਾਂਦੀ ਹੈ। ਸ੍ਰੀ ਆਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੇ ਇਲਾਕੇ ਦੇ ਨਾਲ ਸਬੰਧਤ ਖੇਤੀਬਾੜੀ ਅਫ਼ਸਰ ਡਾ. ਸਤਵੰਤ ਸਿੰਘ ਨੇ ਮੱਕੀ ਨੂੰ ਲੈ ਕੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਖੇਤੀਬਾੜੀ ਅਫ਼ਸਰ ਡਾ. ਸਤਵੰਤ ਸਿੰਘ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਇਸ ਵਰ੍ਹੇ 30 ਹਜ਼ਾਰ ਹੈਕਟੇਅਰ ਰਕਬੇ ਵਿੱਚ ਮੱਕੀ ਬੀਜਣ ਦਾ ਟੀਚਾ ਰੱਖਿਆ ਗਿਆ ਹੈ ਜਿਸ ਅਧੀਨ 27 ਹਜ਼ਾਰ 870 ਹੈਕਟੇਅਰ ਵਿੱਚ ਮੱਕੀ ਬੀਜੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 21 ਹਜ਼ਾਰ ਹੈਕਟਰ ਮੱਕੀ ਦੀ ਬਿਜਾਈ ਸਿਰਫ਼ ਨੂਰਪੁਰਬੇਦੀ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਕਿਸਾਨਾਂ ਵੱਲੋਂ ਬੀਜੀ ਗਈ ਹੈ। ਜਦਕਿ ਪਿਛਲੇ ਸਾਲ ਸਿਰਫ਼ 20 ਹਜ਼ਾਰ ਹੈਕਟਰ ਵਿੱਚ ਹੀ ਮੱਕੀ ਦੀ ਬਿਜਾਈ ਹੋਈ ਸੀ।