ਰੂਪਨਗਰ : ਸ਼ਹਿਰ 'ਚ ਸਤਲੁਜ ਦਰਿਆ ਦੇ ਨੇੜਲੇ ਖ਼ੇਤਰ 'ਚ ਰਹਿਣ ਵਾਲੇ ਲੋਕਾਂ ਦੀ ਸੁਵਿਧਾ ਲਈ ਸਰਕਾਰ ਵੱਲੋਂ ਨਵਾਂ ਪੁੱਲ ਤਿਆਰ ਕੀਤਾ ਗਿਆ ਹੈ। ਦਸਗਰਾਈ ਵਿਖੇ ਇਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ. ਕੇ.ਪੀ ਸਿੰਘ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਕੀਤਾ ਗਿਆ।
ਸਪੀਕਰ ਰਾਣਾ ਕੇ.ਪੀ ਸਿੰਘ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ ਸਤਲੁਜ 'ਤੇ ਬਣੇ ਪੁੱਲ ਦਾ ਉਦਘਾਟਨ
ਲੋਕਾਂ ਦੀ ਸੁਵਿਧਾ ਲਈ ਰੂਪਨਗਰ ਵਿੱਚ ਸਤੁਲਜ ਦਰਿਆ ਉੱਤੇ ਨਵਾਂ ਪੁੱਲ ਤਿਆਰ ਕੀਤਾ ਗਿਆ ਹੈ। ਇਸ ਪੁੱਲ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ.ਕੇ.ਪੀ ਸਿੰਘ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਕੀਤਾ ਗਿਆ। ਇਸ ਪੁੱਲ ਨਾਲ ਹਰਸਾਬੇਲਾ ਤੋਂ ਖਾਨਪੁਰ ਦੇ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਬਾਰੇ ਦੱਸਦੇ ਹੋਏ ਸਪੀਕਰ ਰਾਣਾ. ਕੇ.ਪੀ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਪੁੱਲ ਨਾ ਹੋਣ ਦੇ ਚਲਦੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਪੁੱਲ ਤਿਆਰ ਹੋ ਜਾਣ ਮਗਰੋਂ ਪੈਦਲ ਅਤੇ ਦੋ ਪਹੀਆ ਵਾਹਨ ਚਾਲਕਾਂ ਲਈ ਆਵਾਜਾਈ ਸੌਖੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ 300 ਫੁੱਟ ਲੰਬੇ ਤੇ 4.6 ਫੁੱਟ ਚੌੜੇ ਇਸ ਪੁੱਲ ਦੇ ਨਾਲ ਹਰਸਾਬੇਲਾ ਤੋਂ ਖਾਨਪੁਰ ਦੇ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਹ ਪੁੱਲ ਸਤਲੁਜ ਪਾਰ ਆਪਣੀ ਜ਼ਮੀਨਾਂ 'ਚ ਖੇਤੀ ਕਰਨ ਵਾਲੇ ਕਿਸਾਨਾਂ ਤੇ ਖੇਤੀ ਮਜ਼ਦੂਰਾਂ ਲਈ ਵੀ ਲਾਹੇਵੰਦ ਸਾਬਿਤ ਹੋਵੇਗਾ। ਇਸ ਤੋਂ ਪਹਿਲਾਂ ਸਥਾਨਕ ਲੋਕਾ ਨੂੰ ਸਤਲਜ਼ ਪਾਰ ਜਾਣ ਲਈ ਤਕਰੀਬਨ 10 ਕਿੱਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਸੀ।ਉਨ੍ਹਾਂ ਆਖਿਆ ਕਿ ਹਲਕੇ 'ਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦਰਜਨਾਂ ਪੁਲਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੜਕ ਨੈਟਵਰਕ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅਖਿਆ ਕਿ ਮਹੈਣ ਤੋਂ ਹਰਸਾਬੇਲਾ ਤੱਕ ਸਤਲੁਜ ਦਰਿਆ 'ਤੇ 17.50 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਹੋਰ ਪੁੱਲ ਦੀ ਉਸਾਰੀ ਵੀ ਜਲਦੀ ਸ਼ੁਰੂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਲਾਕੇ 'ਚ ਹੋਰ ਕਈ ਵਿਕਾਸ ਕਾਰਜ ਜਾਰੀ ਹਨ।
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਇਸ ਹਲਕੇ ਦੇ ਵਿਕਾਸ ਲਈ ਸੌਂਪੀ ਗਈ ਜ਼ਿੰਮੇਵਾਰੀ ਨੂੰ ਹਰ ਹਾਲ 'ਚ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਸਪੀਕਰ ਰਾਣਾ ਕੇ.ਪੀ ਸਿੰਘ ਵੱਲੋਂ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੌਰਾਨ ਆਪਣੀ ਸੂਝ-ਬੁਝ ਨਾਲ ਕੋਰੋਨਾ ਮਹਾਂਮਾਰੀ ਦੀ ਜੰਗ ਜਿੱਤਣ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੇ ਚਲਦੇ ਕੋਰੋਨਾ ਵਾਇਰਸ ਤੋਂ ਲੱਖਾਂ ਲੋਕਾਂ ਨੂੰ ਬਚਾਇਆ ਜਾ ਸਕਿਆ ਹੈ। ਉਨ੍ਹਾਂ ਲੋਕਾਂ ਨੂੰ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਕੇ ਕੋਰੋਨਾ ਵਾਇਰਸ ਤੋਂ ਬਚਾਅ ਰੱਖਣ ਦੀ ਅਪੀਲ ਕੀਤੀ ਹੈ।