ਰੋਪੜ: ਅੱਜ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਕ ਪ੍ਰੈਸ ਵਾਰਤਾ ਕੀਤੀ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਰਾਜਨੀਤਕ ਬਦਲਾਖੋਰੀ ਤਹਿਤ ਪੰਜਾਬ ਸਰਕਾਰ ਵੱਲੋਂ ਕਾਰਵਾਈ ਕਰਨ ਦੀ ਗੱਲ ਕਹੀ ਗਈ। ਚੰਨੀ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਤਹਿਤ ਕਾਂਗਰਸ ਪਾਰਟੀ ਦੇ ਉਨ੍ਹਾਂ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਇਆ ਜੋ ਰਿਹਾ ਹੈ ਜੋ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਬਾਹਰ ਸਿਹਤ ਸਹੂਲਤਾਂ ਦੇ ਮਾੜੇ ਹਾਲ ਨੂੰ ਲੈ ਕੇ ਧਰਨਾ ਲਗਾ ਰਹੇ ਸਨ।
ਸਾਬਕਾ ਸੀਐੱਮ ਨੇ ਪੰਜਾਬ ਸਰਕਾਰ 'ਤੇ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕਰਨ ਦਾ ਲਾਇਆ ਇਲਜ਼ਾਮ - ਸਿਆਸੀ ਬਦਲਾਖੋਰੀ
ਚਮਕੌਰ ਸਾਹਿਬ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਜ਼ਿਲ੍ਹੇ ਅੰਦਰ ਸਿਹਤ ਸਹੂਲਤਾਂ ਦੀ ਕਮੀ ਵਿਰੁੱਧ ਧਰਨਾ ਲਾਇਆ ਗਿਆ ਸੀ ਅਤੇ ਹੁਣ ਧਰਨਾ ਲਾਉਣ ਵਾਲੇ ਕਾਂਗਰਸੀ ਵਰਕਰਾਂ ਉੱਤੇ ਨਾਜਾਇਜ਼ ਪਰਚੇ ਪਾਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ।
ਨਾਜਾਇਜ਼ ਪਰਚੇ ਅਤੇ ਗ੍ਰਿਫ਼ਤਾਰੀਆਂ: ਇਸ ਮੌਕੇ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿੱਚ ਜੇਕਰ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਸਮੇਂ ਬਤੌਰ ਮੁੱਖ ਮੰਤਰੀ ਵੱਡੇ ਪੱਧਰ ਉੱਤੇ ਕੰਮ ਕੀਤੇ ਗਏ ਸਨ ਲੇਕਿਨ ਮੌਜੂਦਾ ਹਲਾਤਾਂ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਵੱਡੇ ਪੱਧਰ ਉੱਤੇ ਡਾਕਟਰਾਂ ਦੀ ਕਮੀ ਹੈ। ਜਿਸ ਨਾਲ ਆਏ ਦਿਨ ਕੋਈ ਨਾ ਕੋਈ ਵਿਅਕਤੀ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਇਲਾਜ ਨਾ ਹੋਣ ਦੀ ਸੂਰਤ ਵਿੱਚ ਦਮ ਤੋੜ ਦਿੰਦਾ ਹੈ। ਸਾਬਕਾ ਸੀਐੱਮ ਨੇ ਕਿਹਾ ਕਿ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਦੀ ਗੁਹਾਰ ਲੈਕੇ ਹੀ ਉਹ ਧਰਨਾ ਲਗਾ ਰਹੇ ਸਨ ਪਰ ਪੰਜਾਬ ਸਰਕਾਰ ਸਿਆਸੀ ਬਦਲਾਖੋਰੀ ਦੀ ਨਵੀਂ ਪਿਰਤ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖ਼ਿਲਾਫ਼ ਜੋ ਵੀ ਕੋਈ ਆਵਾਜ਼ ਚੁੱਕਦਾ ਹੈ ਉਸ ਉੱਤੇ ਨਾਜਾਇਜ਼ ਪਰਚਿਆਂ ਅਤੇ ਗ੍ਰਿਫ਼ਤਾਰੀਆਂ ਦਾ ਖਤਰਾ ਮੰਡਰਾਉਣ ਲੱਗਦਾ ਹੈ।
14 ਮਈ ਦਾ ਸੀ ਮਾਮਲਾ: ਦੱਸ ਦਈਏ ਸ੍ਰੀ ਚਮਕੋਰ ਸਾਹਿਬ ਵਿੱਚ 14 ਮਈ ਦੀ ਰਾਤ ਸੜਕ ਹਾਦਸੇ ਤੋਂ ਬਾਅਦ ਇੱਕ ਨੋਜਵਾਨ ਦੀ ਮੋਤ ਹੋ ਗਈ। ਸਥਾਨਕਵਾਸੀਆਂ ਦਾ ਇਲਜ਼ਾਮ ਹੈ ਕਿ ਨੋਜਵਾਨ ਨੂੰ ਹਸਪਤਾਲ ਵਿੱਚ ਇਲਾਜ ਨਾ ਮਿਲਣ ਕਾਰਨ ਮੌਤ ਹੋਈ । ਇਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਰੋਸ ਵਜੋਂ ਰਾਤ ਤੋਂ ਹੀ ਧਰਨਾ ਲਗਾਇਆ ਗਿਆ । ਸਥਾਨਕਵਾਸੀਆਂ ਦਾ ਸਾਥ ਦੇਣ ਲਈ ਕਾਂਗਰਸੀ ਵਰਕਰ ਅਤੇ ਖੁੱਦ ਸਾਬਕਾ ਸੀਐੱਮ ਚੰਨੀ ਵੀ ਪਹੁੰਚੇ। ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਗੁਨਾਹ ਸਿਰਫ਼ ਇਹੀ ਸੀ ਕਿ ਉਹ ਲੋਕਾਂ ਦੀ ਮਦਦ ਅਤੇ ਉਨ੍ਹਾਂ ਦੇ ਹੱਕਾਂ ਲਈ ਜਾਕੇ ਖੜ੍ਹੇ ਸਨ। ਸਾਬਕਾ ਸੀਐੱਮ ਨੇ ਇਹ ਵੀ ਕਿਹਾ ਕਿ ਸਿਆਸੀ ਬਦਲਾਖੋਰੀ ਕਰਨ ਦੀ ਬਜਾਏ ਜੇ ਬਦਲਾਅ ਦੇ ਨਾਮ ਉੱਤੇ ਬਣੀ ਸਰਕਾਰ ਮਸਲੇ ਵੱਲ ਧਿਆਨ ਦੇਵੇ ਤਾਂ ਸਭ ਦਾ ਭਲਾ ਹੋਵੇਗਾ।