ਰੂਪਨਗਰ:ਖ਼ਾਲਸੇ ਦੇ ਕੌਮੀ ਤਿਓਹਾਰ ਹੋਲ-ਮਹੱਲਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੁਬਾਨ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਚੱਲ ਰਹੀ ਤਕਰਾਰ ਅਤੇ ਸਾਰੇ ਵਿਵਾਦ ਦਾ ਦਰਦ ਖੁੱਲ੍ਹ ਕੇ ਸਾਹਮਣੇ ਆਇਆ ਹੈ। ਜਥੇਦਾਰ ਨੇ ਕਿਹਾ ਕਿ ਜਿਸ ਤਰ੍ਹਾਂ ਸਾਜ਼ਿਸ਼ ਘੜ੍ਹ ਕੇ ਐੱਚਐੱਸਜੀਪੀਸੀ ਨੂੰ ਅੱਗੇ ਲਗਾ ਕੇ ਕੇਂਦਰ ਸਰਕਾਰ ਦੀ ਮਦਦ ਨਾਲ ਐੱਸਜੀਪੀਸੀ ਦੇ ਟੁਕੜੇ ਅਤੇ ਗੁਰੂਘਰਾਂ ਉੱਤੇ ਕਬਜ਼ੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਉਸ ਨੂੰ ਅਕਾਲ ਪੁਰਖ ਵੇਖ ਰਿਹਾ ਹੈ। ਜਥੇਦਾਰ ਨੇ ਕਿਹਾ ਕਿ ਜਿਵੇਂ ਉਹ ਸਿੱਖਾਂ ਦੀ ਸਿਰਮੋਰ ਸੰਸਥਾ ਦੇ ਟੁਕੜੇ ਕਰਨ ਚਾਹੁੰਦੇ ਹਨ ਉਵੇਂ ਹੀ ਅਕਾਲ ਪੁਰਖ ਦੇਸ਼ ਦੀ ਪਾਰਲੀਮੈਂਟ ਦੇ ਦੋ ਟੁਕੜੇ ਕਰੇਗਾ।
ਮਹੰਤਾਂ ਦੀ ਚਾਲ ਉੱਤੇ ਚੱਲੀ ਕੇਂਦਰ ਸਰਕਾਰ:ਜਥੇਦਾਰ ਨੇ ਅੱਗੇ ਕਿਹਾ ਕਿ ਬਹੁਤ ਸਮਾਂ ਪਹਿਲਾਂ ਤੋਂ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਕੇਂਦਰ ਸਰਕਾਰ ਸਿੱਖਾਂ ਦੇ ਤਾਕਤ ਦੇ ਸ੍ਰੋਤ ਗੁਰੂਘਰਾਂ ਅਤੇ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕੇਂਦਰ ਖ਼ਿਲਾਫ਼ ਉੱਠੇ ਕਿਸਾਨ ਅੰਦੋਲਨ ਦੌਰਾਨ ਗੁਰੂਘਰਾਂ ਵਿੱਚੋਂ ਗਏ ਲੰਗਰ ਨੇ ਕੇਂਦਰ ਸਰਕਾਰ ਨੂੰ ਸੋਚਣ ਉੱਤੇ ਮਜਬੂਰ ਕਰ ਦਿੱਤਾ ਅਤੇ ਇਸ ਤੋਂ ਬਾਅਦ ਹੀ ਕੇਂਦਰ ਨੇ ਸਾਜ਼ਿਸ਼ ਘੜੀ ਕਿ ਕੋਝੀਆਂ ਚਾਲਾਂ ਚੱਲ ਕੇ ਸਿੱਖਾਂ ਦੀ ਏਕਤਾ ਨੂੰ ਤੋੜਿਆ ਜਾਵੇ ਅਤੇ ਗੁਰੂਘਰਾਂ ਦੇ ਪ੍ਰਬੰਧਾਂ ਨੂੰ ਕਬਜ਼ੇ ਵਿੱਚ ਲਿਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਕੇਂਦਰ ਸਰਕਾਰ ਹਰਿਆਣਾ ਵਿੱਚ ਕਰ ਵੀ ਚੁੱਕੀ ਹੈ ਅਤੇ ਉੱਥੇ ਪ੍ਰਬੰਧ ਐੱਚਐੱਸਜੀਪੀਸੀ ਨਹੀਂ ਸਗੋਂ ਕੇਂਦਰ ਨੇ ਸੰਭਾਲਿਆ ਹੈ।