ਰੋਪੜ: ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅੱਜ ਰੂਪਨਗਰ ਦੇ ਦੌਰੇ ਉੱਤੇ ਸਨ। ਉਨ੍ਹਾਂ ਵੱਲੋਂ ਅੱਜ ਸਭ ਤੋਂ ਪਹਿਲਾਂ ਰੋਪੜ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਨੀਂਹ ਪੱਥਰ ਰੱਖਿਆ ਗਿਆ ਜਿੱਥੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਮੌਜੂਦ ਰਹੇ। ਜਿਸ ਤੋਂ ਬਾਅਦ ਉਹ ਰੂਪਨਗਰ ਸ਼ਹਿਰ ਤੋਂ ਗੁਜ਼ਰਦੇ ਹੋਏ ਰੂਪਨਗਰ ਸ਼ਹਿਰ ਵਿੱਚ ਸਥਿਤ ਬਿਜਲੀ ਵਿਭਾਗ ਦੇ ਦਫਤਰ ਵਿੱਚ ਪਹੁੰਚ ਗਏ ਅਤੇ ਉੱਥੇ ਜਾ ਕੇ ਕੀਤੀ ਛਾਪੇਮਾਰੀ। ਮੌਕੇ ਉੱਤੇ ਦਫਤਰ ਵਿੱਚ ਹਾਜ਼ਰ ਸ਼ਿਕਾਇਤਕਰਤਾਵਾਂ ਦੀਆਂ ਸਮੱਸਿਆਵਾਂ ਸੁਣੀਆਂ।
ਲੋਕਾਂ ਦੀਆਂ ਪਰੇਸ਼ਾਨੀਆਂ ਦਾ ਹੱਲ:ਸਥਾਨਕ ਵਿਧਾਇਕ ਦਿਨੇਸ਼ ਚੱਢਾ ਵੀ ਬਿਜਲੀ ਮੰਤਰੀ ਦੇ ਨਾਲ ਮੌਜੂਦ ਸਨ । ਇਸ ਮੌਕੇ ਮੁਹੱਲਾ ਰਾਜਦੀਪ ਨਗਰ ਤੋਂ ਬਿਜਲੀ ਦੀ ਸਪਲਾਈ ਸਹੀ ਨਾ ਹੋਣ ਦੀ ਸ਼ਿਕਾਇਤ ਉੱਤੇ ਤੁਰੰਤ ਆਦੇਸ਼ ਦਿੰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਉੱਤੇ ਸਮਾਂਬੱਧ ਸੀਮਾ ਵਿੱਚ ਕਾਰਵਾਈ ਯਕੀਨੀ ਤੌਰ ਉੱਤੇ ਕੀਤੀ ਜਾਵੇ ਤਾਂ ਜੋ ਗਰਮੀ ਦੇ ਮੌਸਮ ਵਿਚ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਮੁਹੱਲਾ ਰਾਜਦੀਪ ਨਗਰ ਦੇ ਵਾਸੀਆਂ ਨੇ ਕੈਬਿਨਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਇਹ ਆਪਣੇ ਜੀਵਨ ਵਿੱਚ ਪਹਿਲੀ ਵਾਰ ਦੇਖਿਆ ਹੈ ਕਿ ਕਿਸੇ ਮੰਤਰੀ ਵਲੋਂ ਮੌਕੇ ਉੱਤੇ ਹੀ ਸਮੱਸਿਆ ਦੇ ਹੱਲ ਲਈ ਸਖ਼ਤ ਆਦੇਸ਼ ਕੀਤੇ ਹਨ ਅਤੇ ਜਿਸ ਉੱਤੇ ਮੁਹੱਲਾ ਵਾਸੀਆਂ ਵਲੋਂ ਤਸੱਲੀ ਪ੍ਰਗਟਾਈ ਗਈ।
ਹਰਭਜਨ ਸਿੰਘ ਈਟੀਓ ਨੇ ਬਿਜਲੀ ਦਫ਼ਤਰ ਦੀ ਕੀਤੀ ਅਚਨਚੇਤ ਚੈਕਿੰਗ, ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਦੇ ਦਿੱਤੇ ਨਿਰਦੇਸ਼
ਰੋਪੜ ਸ਼ਹਿਰ ਵਿੱਚ ਸਥਿਤ ਬਿਜਲੀ ਦਫ਼ਤਰ ਦੀ ਅਚਨਚੇਤ ਚੈਕਿੰਗ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕੀਤੀ ਗਈ। ਇਸ ਮੌਕੇ ਸਥਾਨਕ ਵਿਧਾਇਕ ਵੀ ਉਨ੍ਹਾਂ ਦੇ ਨਾਲ ਸਨ। ਬਿਜਲੀ ਮੰਤਰੀ ਨੇ ਕਿਹਾ ਕਿ ਅੱਗੇ ਵੀ ਅਚਨਚੇਤ ਚੈਕਿੰਗ ਦਾ ਸਿਲਸਿਲਾ ਜਾਰੀ ਰਹੇਗਾ।
ਵਿਕਾਸ ਕਾਰਜਾਂ ਵੱਲ ਧਿਆਨ: ਇਸ ਉਪਰੰਤ ਕੈਬਿਨੇਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਵਿਧਾਇਕ ਦਿਨੇਸ਼ ਚੱਢਾ ਨਾਲ ਨਹਿਰੀ ਵਿਸ਼ਰਾਮ ਘਰ ਵਿਖੇ ਮੁਲਾਕਾਤ ਕੀਤੀ ਅਤੇ ਹਲਕਾ ਰੂਪਨਗਰ ਦੀਆਂ ਸੜਕਾਂ ਅਤੇ ਹੋਰ ਵਿਕਾਸ ਕਾਰਜ ਯਕੀਨੀ ਕਰਨ ਦਾ ਭਰੋਸਾ ਦਿੱਤਾ। ਦਿਨੇਸ਼ ਚੱਢਾ ਵਲੋਂ ਆਉਣ ਵਾਲੇ ਸੌਣ ਦੇ ਮਹੀਨੇ ਨੂੰ ਧਿਆਨ ਵਿੱਚ ਰੱਖਦੇ ਹੋਏ ਭੂਰੀ ਵਾਲੇ ਮੰਦਿਰ ਦੇ ਰਸਤੇ ਨੂੰ ਠੀਕ ਕਰਨ ਦਾ ਮਾਮਲਾ ਵੀ ਕੈਬਿਨੇਟ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਸ ਉਪਰੰਤ ਉਨ੍ਹਾਂ ਵੱਲੋਂ ਜਲਦ ਇਸ ਰਸਤੇ ਨੂੰ ਠੀਕ ਕਰਨ ਦੇ ਹੁਕਮ ਜਾਰੀ ਕੀਤੇ ਗਏ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਆਪਣੇ ਛਾਪੇਮਾਰੀ ਦੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਹਨ। ਉਨ੍ਹਾਂ ਵੱਲੋਂ ਆਪਣੇ ਸਬੰਧਤ ਵਿਭਾਗਾਂ ਦੇ ਕੰਮਕਾਜ ਨੂੰ ਸਹੀ ਕਰਨ ਦੇ ਲਈ ਲਗਾਤਾਰ ਅਜਿਹੇ ਕਦਮ ਚੁੱਕੇ ਜਾ ਰਹੇ ਹਨ, ਜਿਸ ਵਿੱਚ ਉਹਨਾਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਬਿਜਲੀ ਵਿਭਾਗ ਦੇ ਦਫਤਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ ਅਤੇ ਲੇਟ ਆਉਣ ਵਾਲੇ ਕਰਮਚਾਰੀਆਂ ਉਤੇ ਕਾਰਵਾਈ ਵੀ ਕਰਦੇ ਹੋਏ ਨਜ਼ਰ ਆਉਂਦੇ ਹਨ।